Site icon TheUnmute.com

Sher-e-Punjab T20 Cup: ਟਰਾਈਡੈਂਟ ਸਟਾਲੀਅਨਜ਼ ਲਗਾਤਾਰ ਚੌਥੀ ਜਿੱਤ ਨਾਲ ਸਿਖਰ ‘ਤੇ ਪੁੱਜੀ

Trident Stallions

ਮੋਹਾਲੀ 17 ਜੂਨ, 2024: ਟਰਾਈਡੈਂਟ ਸਟਾਲੀਅਨਜ਼ (Trident Stallions) ਨੇ ਪੀਸੀਏ ਸ਼ੇਰ-ਏ-ਪੰਜਾਬ ਟੀ-20 ਕੱਪ ਵਿੱਚ ਰਾਇਲ ਫੈਂਟਮਜ਼ ਖ਼ਿਲਾਫ਼ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਟ੍ਰਾਈਡੈਂਟ ਸੀਜ਼ਨ 2 ਵਿੱਚ ਚਾਰ ਜਿੱਤਾਂ ਦਰਜ ਕਰਨ ਵਾਲੀ ਪਹਿਲੀ ਟੀਮ ਹੈ ਅਤੇ ਉਸ ਦੇ ਅੰਕ ਸੂਚੀ ਵਿੱਚ 5 ਮੈਚਾਂ ਤੋਂ ਬਾਅਦ 16 ਅੰਕ ਹਨ। ਲੀਗ ਮੈਚ ਵਿੱਚ ਰਾਇਲ ਫੈਂਟਮਜ਼ ਨੇ 148/6 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਟ੍ਰਾਈਡੈਂਟ ਸਟਾਲੀਅਨਜ਼ ਨੇ 151/3 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

ਟ੍ਰਾਈਡੈਂਟ ਸਟਾਲੀਅਨਜ਼ (Trident Stallions) ਦੇ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਰਾਇਲ ਫੈਂਟਮਜ਼ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਗੁਰਨੂਰ ਬਰਾੜ ਨੇ ਫਿਰ ਦੋ ਵਿਕਟਾਂ ਲਈਆਂ ਅਤੇ ਰਮਨਦੀਪ ਸਿੰਘ ਨੇ ਵੀ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ। ਟੀਮ ਲਈ ਬਲਤੇਜ ਅਤੇ ਸ਼ੁਭਮ ਰਾਣਾ ਨੇ 1-1 ਵਿਕਟ ਲਈ ਹੈ। ਇਸ ਤੋਂ ਬਾਅਦ ਕਪਤਾਨ ਪ੍ਰਭਸਿਮਰਨ ਸਿੰਘ ਨੇ 46 ਗੇਂਦਾਂ ‘ਤੇ 59 ਦੌੜਾਂ ਦੀ ਨਾਬਾਦ ਪਾਰੀ ਖੇਡੀ। ਅਭੈ ਚੌਧਰੀ ਅਤੇ ਰਮਨਦੀਪ ਸਿੰਘ ਨੇ ਸਹਿਯੋਗ ਦਿੱਤਾ।

ਆਈਐਸ ਬਿੰਦਰਾ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਟ੍ਰਾਈਡੈਂਟ ਸਟਾਲੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਇਲ ਫੈਂਟਮਜ਼ ਦੀ ਸ਼ੁਰੂਆਤ ਹੌਲੀ ਸੀ, ਪਰ ਦੂਜੇ ਪਾਸੇ ਜਸਕਰਨਵੀਰ ਸਿੰਘ ਪਾਲ ਨੇ ਮੋਰਚਾ ਸੰਭਾਲਿਆ। ਉਸ ਨੇ 60 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ 20 ਓਵਰਾਂ ਵਿੱਚ 148/6 ਦੌੜਾਂ ਤੱਕ ਪਹੁੰਚਾਇਆ। ਟਰਾਈਡੈਂਟ ਦੀ ਗੇਂਦਬਾਜ਼ੀ ਯੂਨਿਟ ਵੱਲੋਂ ਗੁਰਨੂਰ ਨੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ 2 ਵਿਕਟਾਂ, ਜਦਕਿ ਰਮਨਦੀਪ ਸਿੰਘ ਨੇ 3 ਓਵਰਾਂ ਵਿੱਚ 21 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਬਲਤੇਜ ਸਿੰਘ ਅਤੇ ਸ਼ੁਭਮ ਰਾਣਾ ਨੇ ਚੰਗੀ ਗੇਂਦਬਾਜ਼ੀ ਦੌਰਾਨ 1-1 ਬੱਲੇਬਾਜ਼ ਨੂੰ ਆਊਟ ਕੀਤਾ।

ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਟ੍ਰਾਈਡੈਂਟ ਸਟਾਲੀਅਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਵਿਹਾਨ ਮਲਹੋਤਰਾ (0) ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਏ। ਪ੍ਰਭਸਿਮਰਨ ਸਿੰਘ ਦਾ ਸਾਥ ਦੇਣ ਲਈ ਅਭੈ ਚੌਧਰੀ ਆਏ ਅਤੇ ਦੋਵਾਂ ਨੇ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭੈ 40 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਸਲਿਲ ਅਰੋੜਾ 17 ਦੌੜਾਂ ‘ਤੇ ਆਪਣਾ ਵਿਕਟ ਗੁਆ ਬੈਠੇ।

ਪ੍ਰਭਸਿਮਰਨ ਸਿੰਘ ਡਟੇ ਰਹੇ ਅਤੇ ਰਮਨਦੀਪ ਸਿੰਘ ਦੇ ਨਾਲ ਟੀਮ ਨੂੰ ਜਿੱਤ ਵੱਲ ਲੈ ਕੇ ਵਾਪਸ ਪਰਤੇ। ਕਪਤਾਨ ਨੇ 46 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 59 ਦੌੜਾਂ ਬਣਾਈਆਂ। ਰਮਨਦੀਪ ਸਿੰਘ ਨੇ 14 ਗੇਂਦਾਂ ‘ਤੇ 2 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ ਨਾਬਾਦ 28 ਦੌੜਾਂ ਜੋੜੀਆਂ। ਸੋਹਰਾਬ ਨੇ 2 ਅਤੇ ਗਰਵ ਨੇ 1 ਵਿਕਟ ਲਈ।

Exit mobile version