Site icon TheUnmute.com

ਸ਼ਰਦ ਪਵਾਰ ਦਾ ਦਾਅਵਾ, ਤਿੰਨ ਮਹੀਨਿਆਂ ‘ਚ ਬਦਲ ਦੇਵਾਂਗਾ ਸਾਰੀ ਖੇਡ, ਸਾਰੇ ਵਿਧਾਇਕ ਆਉਣਗੇ ਵਾਪਸ

Sharad Pawar

ਚੰਡੀਗੜ੍ਹ, 03 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਐਨਸੀਪੀ ਆਗੂ ਅਜੀਤ ਪਵਾਰ ਦੀ ਬਗਾਵਤ ਦਰਮਿਆਨ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਜੀਤ ਪਵਾਰ ਦੇ ਫੈਸਲੇ ‘ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਮੈਨੂੰ ਛੱਡਣ ਵਾਲੇ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 3 ਮਹੀਨਿਆਂ ਵਿੱਚ ਸਾਰੀ ਖੇਡ ਬਦਲ ਦੇਣਗੇ, ਅਜੀਤ ਪਵਾਰ ਦੇ ਨਾਲ ਗਏ ਸਾਰੇ ਵਿਧਾਇਕ ਵੀ ਵਾਪਸ ਆ ਜਾਣਗੇ।

ਐਨਸੀਪੀ ਮੁਖੀ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਕੋਲ ਮਹਾਰਾਸ਼ਟਰ ਮੰਤਰੀ ਮੰਡਲ ਵਿੱਚ ਕੱਲ੍ਹ ਸਹੁੰ ਚੁੱਕਣ ਵਾਲੇ ਵਿਧਾਇਕਾਂ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪਹਿਲੇ ਵਿਧਾਇਕਾਂ ਦੇ ਛੱਡਣ ਦੇ ਦੋ-ਤਿੰਨ ਪੁਰਾਣੇ ਤਜ਼ਰਬੇ ਹਨ, ਆਉਣ ਵਾਲੇ ਸਮੇਂ ਵਿੱਚ ਨਤੀਜੇ ਚੰਗੇ ਆਉਣਗੇ। ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਧੜੇ ਦੇ ਕਈ ਲੋਕਾਂ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਐੱਨਸੀਪੀ ਤੋਂ ਵੱਖਰੀ ਨਹੀਂ ਹੈ ਅਤੇ ਉਹ ਅਗਲੇ ਕੁਝ ਦਿਨਾਂ ਵਿੱਚ ਅੰਤਿਮ ਫੈਸਲਾ ਲੈਣਗੇ।

ਇਸ ਦੇ ਨਾਲ ਹੀ ਸ਼ਰਦ ਪਵਾਰ (Sharad Pawar) ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੀ ਬਗਾਵਤ ਨੂੰ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਨਹੀਂ ਹੈ। ਘੱਟ ਅਕਲ ਵਾਲੇ ਲੋਕ ਹੀ ਅਜਿਹਾ ਕਹਿ ਸਕਦੇ ਹਨ। ਸ਼ਰਦ ਪਵਾਰ ਨੇ ਕਿਹਾ ਕਿ ਮੈਂ ਸੂਬੇ ਦੇ ਦੌਰੇ ‘ਤੇ ਗਿਆ ਹਾਂ ਅਤੇ ਵਰਕਰਾਂ ਨੂੰ ਪ੍ਰੇਰਿਤ ਕਰਾਂਗਾ। ਉਨ੍ਹਾਂ ਨੂੰ ਕੁਝ ਆਗੂਆਂ ਦੇ ਕਾਰਨਾਮਿਆਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਨਵੀਂ ਸ਼ੁਰੂਆਤ ਕਰਾਂਗੇ। ਅਸੀਂ 5 ਜੁਲਾਈ ਨੂੰ ਸਾਰੇ ਪਾਰਟੀ ਆਗੂਆਂ ਦੀ ਮੀਟਿੰਗ ਸੱਦੀ ਹੈ।

ਦੂਜੇ ਪਾਸੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਜੀਤ ਪਵਾਰ ਨੇ ਕਿਹਾ ਕਿ ਪਾਰਟੀ ਦੇ 53 ਵਿੱਚੋਂ 40 ਵਿਧਾਇਕ ਉਨ੍ਹਾਂ ਦੇ ਨਾਲ ਹਨ। ਇਹ ਇੱਕ ਤਿਹਾਈ ਤੋਂ ਵੱਧ ਹੈ। ਉਨ੍ਹਾਂ ਨੇ ਐਨਸੀਪੀ ਛੱਡ ਕੇ ਸ਼ਿਵ ਸੈਨਾ-ਭਾਜਪਾ ਨਾਲ ਹੱਥ ਨਹੀਂ ਮਿਲਾਇਆ, ਸਗੋਂ ਐਨਸੀਪੀ ਵਜੋਂ ਹੀ ਇਹ ਕਦਮ ਚੁੱਕਿਆ ਹੈ। ਅਸੀਂ ਇਸ ਬਾਰੇ ਸਾਰੇ ਸੀਨੀਅਰ ਆਗੂਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਬਹੁਮਤ ਨੂੰ ਮਹੱਤਵ ਦਿੱਤਾ ਜਾਂਦਾ ਹੈ। ਸਾਡੀ ਪਾਰਟੀ 24 ਸਾਲ ਪੁਰਾਣੀ ਹੈ ਅਤੇ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ ਹੈ।

Exit mobile version