Site icon TheUnmute.com

ਪੰਥ ਸੁਰਤਿ ਦਾ ਸ਼ਾਹੁ ਜਰਨੈਲ: ਜਥੇਦਾਰ ਸਿਰਦਾਰ ਸ਼ਾਮ ਸਿੰਘ ਨਾਰਲਾ

ਸਿਰਦਾਰ ਸ਼ਾਮ ਸਿੰਘ ਨਾਰਲਾ

ਆਪਣੇ ਪੁਰਖਿਆਂ ਦੀਆਂ ਬਾਤਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਕਿਸੇ ਘਰ ਘਾਟ ਦੀਆਂ ਨਹੀਂ ਰਹਿੰਦੀਆ। ਪੁਰਖਿਆਂ ਦੀ ਬਾਤ ਹੀ ਉਹਨਾਂ ਨੂੰ ਜੀਵਨ ਜਾਚ, ਸਮਾਜ ਵਿਚ ਸਿਰ ਚੁੱਕਣਾ ਤੇ ਅਡੋਲ ਰਹਿਣਾ ਸਿਖਾਉਂਦੀ ਹੈ।

ਬਾਤ ਦਾ ਸਾਡੇ ਜੀਵਨ ਵਿਚ ਬਹੁਤ ਹੀ ਖਾਸ ਮਹੱਤਵ ਹੈ। ਮਾਂ/ਦਾਦੀ ਦੀ ਬੁੱਕਲ ਚ ਬੈਠੇ-ਬੈਠੇ ਬਾਤਾਂ ਸੁਣਦੇ ਹੋਏ ਆਪਣੇ ਪੁਰਖਿਆਂ ਬਾਰੇ ਸਹਿਜ ਭਾਅ ਹੀ ਚੰਗੀ ਤਰ੍ਹਾਂ ਜਾਣ ਲੈਂਦੇ ਸਾਂ। ਪਹਿਲਾਂ ਮਾਵਾਂ ਵੀ ਆਪਣੇ ਪੁਰਖਿਆਂ ਦੀਆਂ ਸਾਖੀਆਂ ਕੰਠ ਕਰ ਆਪਣੇ ਬੱਚਿਆਂ ਨੂੰ ਸੁਣਾਉਂਦੀਆਂ ਤੇ ਉਹਨਾਂ ਦੀ ਸਖਸ਼ੀਅਤ ਨੂੰ ਬੁੱਤ ਘਾੜੇ ਵਾਂਗ ਚੰਗੀ ਤਰ੍ਹਾਂ ਘੜਦੀਆਂ ਸਨ। ਪਰ ਹੌਲੀ ਹੌਲੀ ਇਹ ਵਿਰਾਸਤ ਅਲੋਪ ਹੁੰਦੀ ਜਾ ਰਹੀ ਹੈ। ਮਾਵਾਂ ਵੀ ਪਦਾਰਥ ‘ਚ ਖਚਤ ਹੋ ਆਪਣੇ ਵਿਰਸੇ ਨਾਲੋਂ ਟੁੱਟਦੀਆਂ ਜਾ ਰਹੀਆਂ ਨੇ, ਤੇ ਅੱਗੇ ਬਾਤ ਕਿੰਝ ਤੁਰੇਗੀ ਇਹ ਵੱਡਾ ਸਵਾਲ ਹੈ??

ਆਪਾਂ ਗੱਲ ਬਾਤ ਦੀ ਕੇ ਰਹੇ ਸੀ। ਬਾਤ ਇਕ ਅਣਮੁੱਲਾ ਖ਼ਜ਼ਾਨਾ ਹੈ, ਜੋ ਆਉਣ ਵਾਲੀਆਂ ਨਸਲਾਂ ਨੂੰ ਦੁਨੀਆਂ ਤੇ ਵਿਚਰਨਾਂ ਸਿਖਾਉਂਦਾ ਹੈ। ਸਾਡੇ ਸਮਾਜ ਵਿਚ ਅਜੋਕੇ ਸਮੇਂ ਵਿਚ ਪੱਛਮੀ ਅਕਾਦਮਿਕਤਾ ਦੀ ਰੀਸ ਕਰਦਿਆਂ ਪੁਰਖਿਆਂ ਦੀਆਂ ਸਾਖੀਆਂ/ਬਾਤਾਂ ਨੂੰ ਲਿਖਤੀ ਰੂਪ ਵਿਚ ਸਾਂਭਣ ਲਈ ਜੋ ਸੰਦੂਕੜੀ ਵਰਤੀ ਜਾ ਰਹੀ ਹੈ, ਉਸ ਦਾ ਵਿਤ ਓਨਾ ਨਹੀਂ ਹੈ ਜਿਤਨਾ ਸਾਖੀ/ਬਾਤ ਦਾ ਪਸਾਰਾ ਹੈ।

ਮੇਰਾ ਕਹਿਣ ਦਾ ਭਾਵ ਇਤਿਹਾਸ ਤੋਂ ਹੈ। ਇਤਿਹਾਸ ਆਪਣੀ ਰੇਖਕੀ ਬਿਰਤੀ ਵਿਚ ਤੁਰਦਾ ਹੋਇਆ ਬੜੀਆਂ ਹੀ ਅਨਮੋਲ ਬਾਤਾਂ ਨੂੰ ਤੱਥ ਭਾਲਦਾ ਹੋਇਆ ਵਿਸਾਰ ਅੱਗੇ ਗੁਜ਼ਰ ਜਾਂਦਾ ਹੈ। ਤੇ ਦੂਜਾ ਰੂਪ ਮਿੱਥ ਦਾ ਹੈ, ਇਹ ਵੀ ਆਪਣੀ ਚੱਕਰਦਾਰ ਬਿਰਤੀ ਸਦਕਾ ਸਾਖੀ ਦੇ ਉਸ ਪਾਸਾਰ ਨੂੰ ਪੇਸ਼ ਕਰਣ ਵਿਚ ਅਧੂਰੀ ਰਹਿੰਦੀ ਹੈ। ਪਰ ਸਾਖੀ/ਬਾਤ ਦਾ ਪਾਸਾਰ ਇਤਨਾ ਵੱਡਾ ਹੈ ਕਿ ਇਸ ਦਾ ਸਿਧਾਂਤ ਖੁਦ ਘੜਨ ਦੀ ਲੋੜ ਮਹਿਸੂਸ ਹੋ ਰਹੀ ਹੈ। ਸਾਖੀ/ਬਾਤ ਆਪਣੇ-ਆਪ ਵਿਚ ਹੀ ਇਤਨੀ ਸਮਰੱਥ ਹੈ ਕਿ ਇਸਨੂੰ ਹੋਰ ਕਿਸੇ ਵੀ ਰੂਪ ਦੀ ਜ਼ਰੂਰਤ ਹੀ ਨਹੀਂ ਹੈ।

ਭਾਈ ਰਤਨ ਸਿੰਘ ਭੰਗੂ ਦੀ ਮਾਂ ਨੇ ਆਪਣੇ ਪੁਰਖਿਆਂ ਦੀ ਬਾਤ ਆਪਣੇ ਪੁੱਤਰ ਨੂੰ ਸੁਣਾਈ ਤੇ ਜਿਸ ਨੂੰ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਰੂਪ ਵਿਚ ਪੜ੍ਹਦੇ ਹਾਂ, ਸਾਡੇ ਪੁਰਖਿਆਂ ਦੀਆਂ ਬਾਤਾਂ/ਸਾਖੀਆਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਭਾਈ ਭੰਗੂ ਦੀ ਮਾਤਾ ਜੋ ਕਿ ਬਾਬਾ ਸਿਰਦਾਰ ਸ਼ਾਮ ਸਿੰਘ ਨਾਰਲਾ ਜੀ ਦੀ ਧੀ ਨੇ ਆਪਣੇ ਜੀਵਨ ਕਾਲ ਦਰਮਿਆਨ ਜੋ ਕੁਝ ਵੀ ਆਪਣੇ ਅੱਖੀਂ ਵੇਖਿਆ, ਆਪਣੇ ਪਿਓ ਤੋਂ ਕੰਨੀ ਸੁਣਿਆ ਓਹ ਸਭ ਭਾਈ ਰਤਨ ਸਿੰਘ ਭੰਗੂ ਨੂੰ ਸੁਣਾਇਆ। ਇਸੇ ਸਾਖੀਆਂ ਦੇ ਗ੍ਰੰਥ ਵਿਚੋਂ ਨਿਕਲਦੀ ਹੋਈ ਬਾਬੇ ਸ਼ਾਮ ਸਿੰਘ ਦੀ ਬਾਤ ਅੱਜ ਸਾਹਮਣੇ ਆਈ, ਇਕ ਓਹ ਜਰਨੈਲ ਜਿਸ ਨੇ ਵੱਡੇ – ਵੱਡੇ ਯੋਧੇ, ਜਰਨੈਲ ਪੈਦਾ ਕੀਤੇ, ਉਹ ਹਾਲੇ ਤਕ ਬਹੁਤਾ ਕਰਕੇ ਸਾਡੀਆਂ ਬਾਤਾਂ ਵਿਚੋਂ ਵਿਸਰਿਆ ਰਿਹਾ।

ਸਮੇਂ ਦਾ ਵਹਾਅ ਦਸਦਾ ਹੈ ਕਿ ਜਦ ਅਬਦਾਲੀ ਨੇ ਕੁੱਪ ਰੂਹੀੜੇ ਦੇ ਮੈਦਾਨ ਵਿਚ ਸਿੱਖਾਂ ਦਾ ਵੱਡਾ ਕਤਲੇਆਮ ਕੀਤਾ ਤਾਂ ਬਾਬਾ ਓਥੇ ਵੀ ਮੈਦਾਨ ਦੇ ਵਿਚ ਈ ਡਟਿਆ ਹੋਇਆ ਸੀ, ਅਬਦਾਲੀ ਆਪਣੇ ਇਕ ਜਰਨੈਲ ਨੂੰ ਆਖਦਾ ਹੈ ਕਿ ਜਾ ਉੱਪਰ ਦੀ ਘੁੰਮ ਕੇ ਦੂਜੇ ਪਾਸੇ ਤੋਂ ਹਮਲਾ ਕਰ, ਤਾਂ ਅਬਦਾਲੀ ਦਾ ਜਰਨੈਲ ਬੋਲਿਆ, ਮੈਨੂੰ ਮੌਤ ਗਲੇ ਲਗਾਉਣ ਦਾ ਏਨਾ ਵੀ ਚਾਅ ਨੀ ਹੈਗਾ ਕਿ ਨਾਰਲੇ ਆਲੇ ਸਰਦਾਰ ਦੀ ਹਿੱਕ ਚ ਵੱਜਾਂ, ਜਿਸਨੂੰ ਨੂੰ ਆਪਣੀ ਜਾਨ ਪਿਆਰੀ ਨਹੀਂ ਹੈਗੀ ਉਹ ਚਲਾ ਜਾਵੇ ਓਧਰ। ਏਦਾਂ ਦੇ ਅਨੇਕਾਂ ਹੀ ਕਿੱਸੇ ਨੇ ਸਿਰਦਾਰ ਸ਼ਾਮ ਸਿੰਘ ਦੇ ਜੀਵਨ ਵਿਚ।

ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ ਕਰੋੜਸਿੰਘੀਆ, ਸੁੱਖਾ ਸਿੰਘ ਮਾੜੀ ਕੰਬੋਕੇ ਵਰਗੇ ਬਲਵਾਨ ਯੋਧੇ ਸੂਰਮੇ ਪੈਦਾ ਕਰਣ ਵਾਲਾ ਕਾਰਖ਼ਾਨਾ ਸੀ ਸਿਰਦਾਰ। Shamsher Singh Majhail ਨੇ ਬੜਾ ਉੱਦਮ ਕੀਤਾ ਤੇ ਇਸ ਪੁਰਖੇ ਦੀ ਬਾਤ ਪਾਈ ਹੈ।

ਇਸ ਨੂੰ ਉਸਤਤ ਪਬਲੀਕੇਸਨ ਵਾਲੇ ਮੇਰੇ ਦੋ ਭਰਾਵਾਂ ਤੇਜਿੰਦਰ ਸਿੰਘ ਤੇ ਅਮਨਦੀਪ ਸਿੰਘ ਕਿਤਾਬ ਰੂਪ ਦਿੱਤਾ ਹੈ। ਸਾਰੇ ਹੀ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ, ਜਿੰਨ੍ਹਾ ਨੇ ਇਸ ਪੁਰਖੇ ਦੀ ਬਾਤ ਨੂੰ ਜਿਗਿਆਸੁਆਂ ਸਾਹਮਣੇ ਪੇਸ਼ ਕੀਤਾ ਹੈ। ਇਸੇ ਹਫ਼ਤੇ ਕਿਤਾਬ ਛਪ ਕੇ ਆ ਜਾਵੇਗੀ। ਸਭ ਦੋਸਤਾਂ ਨੂੰ ਗੁਜਾਰਿਸ਼ ਹੈ ਕਿ ਇਸ ਅਣਗੌਲੇ ਸੂਰਮੇ ਦੀ ਬਾਤ ਨੂੰ ਜਹਾਨ ਨੇ ਕੋਨੇ ਕੋਨੇ ਚ ਪਹੁੰਚਾਈਏ।

 

Exit mobile version