ਚੰਡੀਗੜ੍ਹ 27 ਜੂਨ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਕ ਉੱਚ ਪੱਧਰੀ ਵਫ਼ਦ ਅਫ਼ਗਾਨਿਸਤਾਨ ਭੇਜਣ ਦੇ ਸੰਬੰਧ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਫ਼ਦ ਨੂੰ ਜੁਲਾਈ 2022 ਵਿਚ ਅਫ਼ਗਾਨਿਸਤਾਨ ਭੇਜਣਾ ਚਾਹੁੰਦੀ ਹੈ, ਤਾਂ ਜੋ ਉਥੋਂ ਦੇ ਸਿੱਖਾਂ ਦੇ ਹਾਲਾਤ ਬਾਰੇ ਜਾਣਿਆ ਜਾ ਸਕੇ ਅਤੇ ਸਰਕਾਰ ਦੇ ਅਧਿਕਾਰੀਆਂ ਨਾਲ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ ਜਾ ਸਕੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਬਾਰੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤ ਦੇ ਚੱਲਦਿਆਂ ਉਥੇ ਵੱਸਦੇ ਸਿੱਖ ਚਿੰਤਤ ਹਨ। ਸ਼੍ਰੋਮਣੀ ਕਮੇਟੀ ਉੱਥੋਂ ਦੇ ਸਿੱਖਾਂ ਦੀਆਂ ਮੁਸ਼ਕਲਾਂ ਜਾਣਨ ਲਈ ਅਫ਼ਗਾਨਿਸਤਾਨ ਜਾਣਾ ਚਾਹੁੰਦੀ ਹੈ। ਇਸ ਦੇ ਨਾਲ ਉਥੋਂ ਦੇ ਇਤਿਹਾਸਕ ਅਸਥਾਨਾਂ ਦੇ ਹਾਲਾਤਾਂ, ਲੋੜੀਂਦੀਆਂ ਕਾਰ ਸੇਵਾਵਾਂ ਅਤੇ ਸਾਂਭ-ਸੰਭਾਲ ਵੀ ਬੇਹੱਦ ਜ਼ਰੂਰੀ ਹੈ। ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਫ਼ਦ ਅਫ਼ਗਾਨਿਸਤਾਨ ਦੇ ਸਿੱਖ ਆਗੂਆਂ ਤੋਂ ਇਲਾਵਾ ਅਫਗਾਨਿਸਤਾਨ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨੀ ਚਾਹੁੰਦਾ ਹੈ, ਤਾਂ ਜੋ ਉਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸਦੇ ਨਾਲ ਹੀ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖ ਵਿਰਾਸਤ ਅਤੇ ਗੁਰ-ਅਸਥਾਨਾਂ ਦੀ ਸਾਭ-ਸੰਭਾਲ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਿਭਾਉਣਾ ਚਾਹੁੰਦੀ ਹੈ। ਇਸ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਅਫ਼ਗਾਨਿਸਤਾਨ ’ਚ ਆਏ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ,ਸ਼ਿਰੋਮਣੀ ਕਮੇਟੀ ਭੂਚਾਲ ਦੇ ਪੀੜਤਾਂ ਦੀ ਮਦਦ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਬੇਸ਼ੱਕ ਸੰਕਟ ਦੇ ਸਮੇਂ ’ਤੇ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਲਿਆਉਣ ਲਈ ਚੰਗਾ ਯਤਨ ਕੀਤਾ ਹੈ ਪਰ ਜ਼ਿੰਮੇਵਾਰ ਸਿੱਖ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ ਕਿ ਉਹ ਅਫ਼ਗਾਨਿਸਤਾਨ ’ਚ ਸਿੱਖਾਂ ਦੀ ਸਹਾਇਤਾ ਅਤੇ ਗੁਰ-ਅਸਥਾਨਾਂ ਦੀ ਸੰਭਾਲ ਲਈ ਕੰਮ ਕਰੇ। ਐਡਵੋਕੇਟ ਧਾਮੀ ਅਨੁਸਾਰ ਜੇਕਰ ਭਾਰਤ ਸਰਕਾਰ ਜਲਦ ਪ੍ਰਬੰਧ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਦਾ ਵਫ਼ਦ ਜੁਲਾਈ ਮਹੀਨੇ ਵਿਚ ਜਾਣਾ ਯਕੀਨੀ ਹੈ।