July 4, 2024 8:18 pm
SGPC

ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਹਰ ਸਿੱਖ ਦਾ ਖਰਚਾ ਚੁੱਕੇਗੀ SGPC : ਸ਼੍ਰੋਮਣੀ ਕਮੇਟੀ ਪ੍ਰਧਾਨ

ਚੰਡੀਗੜ੍ਹ 21 ਜੂਨ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫਗਾਨਿਸਤਾਨ ਦੇ ਸਿੱਖਾਂ ਨੂੰ ਲੈ ਕੇ ਦਾ ਵੱਡਾ ਬਿਆਨ ਦਿੱਤਾ ਹੈ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਭਾਰਤ ਦੀ ਯਾਤਰਾ ‘ਤੇ ਆਉਣ ਵਾਲੇ ਹਰ ਸਿੱਖ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਕੀਤਾ ਜਾਵੇਗਾ | ਇਸਦੇ ਨਾਲ ਹੀ ਹਰਜਿੰਦਰ ਧਾਮੀ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ ।

ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ’ਚ ਰਹਿ ਰਹੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਤੁਰੰਤ ਮਨਜ਼ੂਰੀ ਦਿੱਤੀ ਜਾਵੇ , ਤਾਂ ਕਿ ਉਹ ਡਰ ਭਰੇ ਮਾਹੌਲ ’ਚੋਂ ਨਿਕਲ ਸਕਣ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਿੰਨਾ ਕੋਲ ਆਵਾਜਾਈ ਦੇ ਖਰਚਿਆਂ ਦਾ ਪ੍ਰਬੰਧ ਨਹੀਂ ਹੈ, ਉਨ੍ਹਾਂ ਲਈ SGPC ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ, ਜਿਨ੍ਹਾਂ ਨੇ ਅਫਗਾਨਿਸਤਾਨ ’ਚ ਰਹਿ ਰਹੇ ਸਿੱਖਾਂ ਦੀਆਂ ਤਕਲੀਫਾਂ ਬਾਰੇ ਜਾਣੂ ਕਰਵਾਇਆ ਹੈ। ਅਫਗਾਨੀ ਸਿੱਖਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਦੇ ਚੱਲਦਿਆਂ ਭਾਰਤ ਰਹਿੰਦੇ ਅਫਗਾਨੀ ਸਿੱਖਾਂ ਸਮੇਤ ਪੂਰੀ ਸਿੱਖ ਕੌਮ ਚਿੰਤਤ ਹੈ। ਅਜਿਹੇ ਸੰਕਟਮਈ ਸਮੇਂ ਵਿਚ ਅਫਗਾਨਿਸਤਾਨ ਦੇ ਸਿੱਖਾਂ ਨਾਲ ਪੂਰੀ ਕੌਮ ਨੂੰ ਹਮਦਰਦੀ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਦਾ ਦਰਦ ਮਹਿਸੂਸ ਕਰਦੀ ਹੈ।

ਧਾਮੀ ਨੇ ਕਿਹਾ ਕਿ ਭਾਵੇਂ ਅਫਗਾਨਿਸਤਾਨ ’ਚ ਆਪਣੇ ਕਾਰੋਬਾਰਾਂ ਅਤੇ ਜਾਨ ਤੋਂ ਪਿਆਰੇ ਗੁਰੂ-ਘਰਾਂ ਨੂੰ ਛੱਡ ਕੇ ਆਉਣਾ ਸਿੱਖਾਂ ਲਈ ਬਹੁਤ ਔਖਾ ਹੈ, ਪਰ ਤਲਖ ਹਾਲਾਤਾਂ ਅੱਗੇ ਉਥੇ ਰਹਿੰਦੇ ਸਿੱਖ ਬੇਵੱਸ ਹਨ। ਇਸ ਦੇ ਚੱਲਦਿਆਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਫਗਾਨਿਸਤਾਨ ’ਚ ਹਰ ਸਿੱਖ ਦੀ ਸੁਰੱਖਿਆ ਲਈ ਸੰਜੀਦਾ ਯਤਨ ਕਰੇ ਅਤੇ ਉਨ੍ਹਾਂ ਨੂੰ ਭਾਰਤ ਲਿਆ ਕੇ ਨਾਗਰਿਕਤਾ ਦੇਵੇ।