Kashi Vishwanath Dham Ka Gauravshali Itihas

Amritsar: ਸ਼੍ਰੋਮਣੀ ਕਮੇਟੀ ਨੇ ‘ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਕਿਤਾਬਚੇ ’ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਅੰਮ੍ਰਿਤਸਰ 16 ਦਸੰਬਰ 2021: ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ‘ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ (Sri Kashi Vishwanath Dham Ka Gauravshali Itihas) ਨਾਂ ਦਾ ਇਕ ਕਿਤਾਬਚਾ ਰਿਲੀਜ਼ ਕਰਕੇ ਵੱਡੀ ਗਿਣਤੀ ਵਿਚ ਵੰਡਣ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਇਸ ’ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਮੌਕੇ ਉੱਤਰ ਪ੍ਰਦੇਸ਼ (Uttar Pradesh) ਦੀ ਬੀਜੇਪੀ ਸਰਕਾਰ ਦੇ ‘ਸੂਚਨਾ ਅਤੇ ਜਨ ਸੰਪਰਕ ਵਿਭਾਗ’ ਵੱਲੋਂ ‘ਪ੍ਰਸਾਦ’ ਵਜੋਂ ‘ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਨਾਂ ਦਾ ਇਕ ਕਿਤਾਬਚਾ ਰਿਲੀਜ਼ ਕਰਕੇ ਵੱਡੀ ਗਿਣਤੀ ਵਿਚ ਵੰਡਿਆ ਗਿਆ | ਜਿਸ ਵਿਚ ਸਿੱਖ ਧਰਮ ਦਾ ਕਾਸ਼ੀ ਨਾਲ ਸਬੰਧ ਦਸਦੇ ਹੋਏ ਇਤਿਹਾਸ ਨੂੰ ਤੋੜ-ਮਰੋੜ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਇਹ ਦਰਸਾਇਆ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਨ੍ਹਾਂ ਪੰਜ ਪਿਆਰਿਆਂ ਦੁਆਰਾ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ, ਉਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਕਾਸ਼ੀ ਭੇਜਿਆ ਗਿਆ ਸੀ, ਤਾਂ ਜੋ ਉਹ ਸਨਾਤਨ ਧਰਮ ਦੇ ਪੂਰਨ ਤੱਤ-ਗਿਆਨ ਪ੍ਰਾਪਤ ਕਰਦੇ ਹੋਏ ਉਸ ਦੀ ਰਾਖੀ ਲਈ ਤਤਪਰ ਹੋ ਸਕਣ।

ਇਸ ਕਿਤਾਬਚੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿੱਖ ਧਰਮ ਦੀ ਸਥਾਪਨਾ ਮੁਗਲਾਂ ਤੋਂ ਸਨਾਤਨ ਧਰਮ ਦੀ ਰੱਖਿਆ ਵਾਸਤੇ ਹੋਈ ਸੀ। ਇਹ ਦੋਵੇਂ ਬਿਆਨ ਤੱਥਾਂ ਤੋਂ ਕੋਰੇ, ਭਰਮ-ਉਪਜਾਊ ਮਨਸ਼ਾ ਅਤੇ ਸਿੱਖੀ ਦੇ ਮਿਸ਼ਨ ਬਾਰੇ ਅਲਪ-ਗਿਆਨ ਦੇ ਲਖਾਇਕ ਹਨ।
ਉਨ੍ਹਾਂ ਕਿਹਾ ਕਿ ਅਸਲ ਵਿਚ ਖਾਲਸਾ ਪੰਥ ਦੀ ਸਾਜਨਾ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਧਾਰਮਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਸੀ, ਨਾ ਕਿ ਸਨਾਤਨ ਧਰਮ ਦੀ ਰਾਖੀ ਲਈ। ਦੂਜਾ, ਕਾਸ਼ੀ ਭੇਜੇ ਗਏ ਪੰਜ ਸਿੰਘ, ਖਾਲਸੇ ਦੀ ਸਾਜਨਾ ਸਮੇਂ ਸੀਸ ਭੇਟ ਕਰਨ ਵਾਲੇ ਪੰਜ ਪਿਆਰਿਆਂ ਨਾਲੋਂ ਬਿਲਕੁਲ ਵੱਖਰੇ ਹਨ। ਪਾਉਂਟਾ ਸਾਹਿਬ ਵਿਖੇ ਜਦ ਪੰਡਤ ਰਘੂਨਾਥ ਨੇ ਸ਼ੂਦਰ ਸ਼੍ਰੇਣੀ ਨਾਲ ਸਬੰਧਤ ਕੁੱਝ ਸਿੱਖ ਵਿਦਿਆਰਥੀਆਂ ਨੂੰ ‘ਦੇਵ-ਭਾਸ਼ਾ’ ਸੰਸਕ੍ਰਿਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੱਖ-ਵੱਖ ਜਾਤਾਂ ਨਾਲ ਸਬੰਧਤ ਇਹ ਪੰਜ ਸਿੰਘ, ਸੰਸਕ੍ਰਿਤ ਭਾਸ਼ਾ ਸਿੱਖਣ ਦੇ ਉਦੇਸ਼ ਨਾਲ ਕਾਸ਼ੀ ਭੇਜੇ ਗਏ ਸਨ, ਨਾ ਕਿ ਸਨਾਤਨ ਧਰਮ ਦੀ ਸਿਖਲਾਈ ਦਿਵਾਉਣ ਦੇ ਮਕਸਦ ਨਾਲ।

ਕਾਸ਼ੀ ਭੇਜੇ ਗਏ ਪੰਜ ਸਿੰਘਾਂ ਦਾ ਖਾਲਸਾ ਸਾਜਣ ਵੇਲੇ ਸੀਸ ਭੇਟ ਕਰਨ ਵਾਲੇ ਪੰਜ ਪਿਆਰਿਆਂ ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਨਾਲ ਕੋਈ ਮੇਲ ਨਹੀਂ ਹੈ। ਉਨ੍ਹਾ ਦੱਸਿਆ ਕਿ ਕਾਸ਼ੀ ਭੇਜੇ ਗਏ ਸਿੰਘ ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ, ਭਾਈ ਵੀਰ ਸਿੰਘ ਤੇ ਭਾਈ ਸੈਨਾ ਸਿੰਘ ਸਨ ਜੋ ਬਿਲਕੁਲ ਵੱਖਰੇ ਹਨ। ਉਨ੍ਹਾਂ ਇਸ ਕਿਤਾਬਚੇ ਵਿਚ ਦਰਜ ਭੁਲੇਖਾ-ਪਾਊ ਜਾਣਕਾਰੀ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਇਸ ਕਿਤਾਬਚੇ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ।

Scroll to Top