ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਤੈਅ ਕਰੇਗੀ ਐਸਜੀਪੀਸੀ ਪ੍ਰਧਾਨ ਦੀ ਚੋਣ
(ਸਿਆਸੀ ਚਸ਼ਮਾ, ਰਮਨਦੀਪ ਸ਼ਰਮਾ ਦੇ ਨਾਲ)
SGPC: ਬੇਸ਼ੱਕ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਸਭ ਦੀਆਂ ਨਜ਼ਰਾਂ ਆਪੋ ਆਪਣੇ ਪਿੰਡ ਦੀ ਹੋਣ ਵਾਲੀ ਚੋਣ ਤੇ ਹੈ ਪਰ ਇਸ ਵਿਚਕਾਰ ਪੰਥਕ ਸਿਆਸਤ ਵੀ ਗਰਮਾਉਣ ਲੱਗੀ ਹੈ। ਜਿਸ ਨੂੰ ਲੈਕੇ ਅਗਲਾ ਹਫਤਾ ਪੂਰਾ ਪੰਥਕ ਫਿਜ਼ਾ ਵਿੱਚ ਸਰਗਰਮ ਰਹੇਗਾ।
ਐਸਜੀਪੀਸੀ ਦੇ ਜਨਰਲ ਇਜਲਾਸ ਦਾ ਐਲਾਨ ਹੋ ਚੁੱਕਾ ਹੈ । 28 ਅਕਤਬੂਰ ਨੂੰ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਸਾਹਿਤ ਸੀਨੀਅਰ ਮੀਤ ਪ੍ਰਧਾਨ ਤੋ ਇਲਾਵਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਹੋਣੀ ਹੈ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਾਗੀ ਰੂਪ ਵਿੱਚ ਖੜਾ ਧੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਰੂਪ ਵਿੱਚ ਪੰਥਕ ਸਿਆਸਤ ਵਿੱਚ ਆਪਣਾ ਰਸੂਖ ਪੇਸ਼ ਕਰਨ ਲਈ ਅੱਗੇ ਹੋਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਅਤੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਐਸਜੀਪੀਸੀ ਪ੍ਰਧਾਨ ਦੀ ਚੋਣ ਬਹੁਤ ਅਹਿਮ ਹੋਵੇਗੀ। ਇਹ ਜਨਰਲ ਇਜਲਾਸ ਸ਼੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਭਵਿੱਖ਼ ਨੂੰ ਤੈਅ ਕਰਦਾ ਹੋਇਆ ਨਜਰ ਆਵੇਗਾ।
ਜੇਕਰ ਇਸ ਵੇਲੇ ਕੁੱਲ ਮੈਂਬਰਾਂ ਅਤੇ ਵੋਟ ਦੇ ਅਧਿਕਾਰ ਵਾਲੇ ਮੈਂਬਰਾਂ ਦੀ ਗੱਲ ਕਰੀਏ ਤਾਂ ਬੇਸ਼ਕ ਸ਼੍ਰੋਮਣੀ ਕਮੇਟੀ ਦੇ ਸਦਨ ਵਿੱਚ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਸਮੇਤ ਦਰਬਾਰ ਸਾਹਿਬ ਦੇ ਮੁੱਖ ਗ੍ਰੰਥ ਸਾਹਿਬਾਨ ਸਮੇਤ 191 ਮੈਂਬਰ ਹੁੰਦੇ ਹਨ ਪਰ ਤਖ਼ਤ ਸਹਿਬਾਨਾਂ ਦੇ ਜੱਥੇਦਾਰ ਸਾਹਿਬਾਨਾਂ ਨੂੰ ਅਤੇ ਮੁੱਖ ਗ੍ਰੰਥੀ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ ।
ਐਸਜੀਪੀਸੀ (SGPC) ਲਈ ਚੁਣੇ ਗਏ ਕੁੱਲ 170 ਮੈਂਬਰ ਸਾਹਿਬਾਨਾਂ ਸਮੇਤ ਨਾਮਜ਼ਦ ਹੋਏ 15 ਮੈਬਰਾਂ ਨੂੰ ਵੋਟ ਦਾ ਅਧਿਕਾਰ ਹੈ। ਇਸ ਵੇਲੇ ਦੀ ਤਾਜਾ ਸਥਿਤੀ ਦੀ ਗੱਲ ਕਰੀਏ ਤਾਂ 31 ਐਸਜੀਪੀਸੀ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਾਰ ਦੇ ਅਸਤੀਫ਼ੇ ਮਨਜ਼ੂਰ ਹੋ ਚੁੱਕੇ ਹਨ, ਇਸ ਤੋਂ ਇਲਾਵਾ ਦੋ ਮੈਂਬਰਾਂ ਕਰਨੈਲ ਸਿੰਘ ਪੰਜੋਲੀ ਅਤੇ ਹਰਦੇਵ ਸਿੰਘ ਰੂਗਲਾ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।
ਕੁੱਲ 185 ਮੈਂਬਰਾਂ ਵਿੱਚੋਂ 148 ਮੈਂਬਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਕਰੀਬ ਦੋ ਸਾਲ ਪਹਿਲਾਂ ਬੀਬੀ ਜਗੀਰ ਕੌਰ ਵਲੋਂ ਸਿੱਧਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੰਦੇ ਐਸਜੀਪੀਸੀ (SGPC) ਪ੍ਰਧਾਨ ਲਈ ਚੋਣ ਲੜਨ ਦਾ ਐਲਾਨ ਕੀਤਾ ਗਿਆ। ਬੀਬੀ ਜਗੀਰ ਕੌਰ ਦੇ ਬਾਗੀ ਤੇਵਰ ਬੇਸ਼ਕ ਕਾਫੀ ਕਟਾਸ ਭਰੇ ਸਨ ਪਰ ਐਸਜੀਪੀਸੀ ਮੈਂਬਰਾਂ ਦਾ ਭਰੋਸਾ ਨਹੀਂ ਜਿੱਤ ਪਾਏ ਸੀ । ਬੀਬੀ ਜਗੀਰ ਕੌਰ ਨੂੰ ਕੁੱਲ ਪਈਆਂ 146 ਵੋਟਾਂ ਵਿੱਚੋਂ ਮਹਿਜ਼ 42 ਵੋਟ ਮਿਲੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟ ਮਿਲੇ ਸਨ ਤੇ ਉਹ ਵੱਡੇ ਫਰਕ ਨਾਲ ਜੇਤੂ ਰਹੇ ਸਨ।
ਪਰ ਇਸ ਵਾਰ ਹਾਲਾਤ ਵੱਖਰੇ ਹਨ। ਇਸ ਵਾਰ ਅਕਾਲੀ ਦਲ ਦੇ ਅੰਦਰ ਤੋਂ ਟੁੱਟੇ ਹੋਏ ਬਾਗੀ ਖੇਮੇ ਦੀ ਖਿੱਚੀ ਲਕੀਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਕੀਤਾ ਹੋਇਆ ਹੈ। ਬੇਸ਼ਕ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਦਾ ਹੱਥ ਦੂਜਿਆਂ ਦੇ ਮੁਕਾਬਲੇ ਮਜ਼ਬੂਤ ਨਜਰ ਆ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਹਾਲਾਤ ਬਦਲੇ ਹਨ ਉਸ ਤੋਂ ਬਾਗੀ ਖੇਮਾ ਬਾਜ਼ੀ ਪਲਟਣ ਦੀ ਉਮੀਦ ਜਰੂਰ ਲਗਾਈ ਬੈਠਾ ਹੈ।
ਪਿਛਲੇ ਦਿਨੀਂ ਐਸਜੀਪੀਸੀ (SGPC) ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਗੀ ਖੇਮੇ ਦੇ ਦੋ ਸੀਨੀਅਰ ਐਸਜੀਪੀਸੀ ਮੈਂਬਰਾਂ ਬਲਬੀਰ ਸਿੰਘ ਘੁੰਨਸ ਅਤੇ ਬਲਦੇਵ ਸਿੰਘ ਚੂੰਘਾਂ ਨਾਲ ਕੀਤੀ ਮੁਲਾਕਾਤ ਕਾਫੀ ਅਹਿਮ ਹੈ। ਬੇਸ਼ਕ ਇਸ ਮੁਲਾਕਾਤ ਨੂੰ ਦੋਹੇਂ ਮੈਂਬਰ ਪਰਿਵਾਰਿਕ ਮਿਲਣੀ ਕਰਾਰ ਦੇ ਰਹੇ ਹਨ ਪਰ ਇਸ ਮੁਲਾਕਾਤ ਨੇ ਬਦਲੀ ਹੋਈ ਪੰਥਕ ਸਿਆਸਤ ਦੇ ਮਾਇਨੇ ਸਭ ਦੇ ਸਾਹਮਣੇ ਰੱਖੇ ਹਨ।
ਬੀਬੀ ਜਗੀਰ ਕੌਰ ਵੇਲੇ ਅਕਾਲੀ ਦਲ ਦੇ ਖਿਲਾਫ ਉਤਰਨ ਵਾਲਾ ਖੇਮਾ ਸੀਮਤ ਸੀ ਪਰ ਇਸ ਵਾਰ ਇਸ ਖੇਮੇ ਕੋਲ ਮਾਲਵੇ ਦੁਆਬੇ ਸਮੇਤ ਮਾਝੇ ਤੋਂ ਸਮਰਥਨ ਹਾਸਿਲ ਹੈ ਪਰ ਵੋਟ ਵਿੱਚ ਕਿੰਨਾ ਬਦਲੇਗਾ ਵੇਖਣਾ ਹੋਵੇਗਾ। ਜੇਕਰ ਬਾਗੀ ਖੇਮਾ ਜਿਸ ਟਾਰਗੇਟ ਨੂੰ ਲੈਕੇ ਅੱਗੇ ਵਧ ਰਿਹਾ ਹੈ, ਜਿਸ ਵਿੱਚ ਅਕਾਲੀ ਦਲ ਦੇ ਸੰਗਠਨ ਵਿੱਚ ਤਬਦੀਲੀ, ਸੁਧਾਰ ਅਤੇ ਨਵੀਂ ਲੀਡਰਸ਼ਿਪ ਦੀ ਭਾਲ ਵਰਗੇ ਮੁੱਦੇ ਸ਼ਾਮਿਲ ਨੇ, ਉਸ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਜਰੀਏ ਆਪਣੀ ਜਿੱਤ ਦਰਜ ਕਰਵਾਕੇ ਹਾਜਰੀ ਲਗਵਾਉਣ ਵਿੱਚ ਕਾਮਯਾਬ ਰਿਹਾ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਸਥਿਤੀ ਹੋਰ ਮੁਸ਼ਕਲ ਰੂਪ ਲਵੇਗੀ। ਇਸ ਦੇ ਉਲਟ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਗੀ ਖੇਮੇ ਨੂੰ ਦੋ ਦਰਜ਼ਨ ਤੇ ਕਰੀਬ ਵੋਟ ਹਿੱਸੇਦਾਰੀ ਤੱਕ ਸੀਮਤ ਕਰਦਾ ਹੈ ਤਾਂ ਪੰਥਕ ਸਿਆਸਤ ਇੱਕ ਵਾਰ ਫਿਰ ਵੱਡੀ ਧਿਰ ਨਾਲ ਭਰੋਸਾ ਕਾਇਮ ਕਰੇਗੀ ਅਤੇ ਅਗਾਮੀ ਐਸਜੀਪੀਸੀ ਚੋਣਾਂ ਵਿੱਚ ਵੱਡੀ ਰਾਹਤ ਮਿਲਦੀ ਨਜਰ ਆਵੇਗੀ।
ਸੁਧਾਰ ਲਹਿਰ ਲਗਾਤਾਰ ਐਸਜੀਪੀਸੀ ਵਿੱਚ ਸਿੱਧਾ ਦਖਲ ਹੋਣ ਦਾ ਮੁੱਦਾ ਉਠਾ ਰਹੀ ਹੈ। ਇਸ ਦੇ ਨਾਲ ਜੱਥੇਦਾਰ ਸਹਿਬਾਨਾਂ ਦੀ ਨਿਯੁਕਤੀ ਅਤੇ ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਲੈਕੇ ਪਿਛਲੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆਂਦੇ ਏਜੰਡੇ ਨੇ ਵੱਡੇ ਸਵਾਲ ਖੜੇ ਕੀਤੇ ਸਨ ਪਰ ਹਾਲਾਂਕਿ ਇਸ ਮੁੱਦੇ ਨੂੰ ਵਿਚਾਰਿਆ ਨਹੀਂ ਗਿਆ। ਇਸ ਤੋਂ ਇਲਾਵਾ ਇਸ ਵਾਰ ਕਈ ਵੱਡੇ ਨੇਤਾ ਅਤੇ ਓਹਨਾ ਦੇ ਸੰਗਠਨਾਤਮਕ ਤੌਰ ਤੇ ਕਾਰਜਸ਼ੀਲ ਹੋਣਾ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਹੈ।
ਸ਼੍ਰੋਮਣੀ ਅਕਾਲੀ ਦਲ ਲਈ ਅੰਦਰੂਨੀ ਚੁਣੌਤੀਆਂ ਤੋਂ ਇਲਾਵਾ ਪਾਰਟੀ ਪ੍ਰਧਾਨ ਦੇ ਖੁਦ ਤਨਖਾਹੀਆ ਕਰਾਰ ਹੋਣ ਵਾਲੇ ਮਾਮਲੇ ਵਿੱਚ ਘਿਰੇ ਹੋਣ ਦੇ ਚਲਦੇ ਵੱਡੀ ਚੁਣੌਤੀ ਹੈ, ਜਿਸ ਨੂੰ ਲੈਕੇ ਓਹਨਾ ਦੀ ਬੀਤੇ ਦਿਨ ਪਾਰਟੀ ਦੇ ਧਰਨੇ ਵਿੱਚ ਸ਼ਮੂਲੀਅਤ ਤੇ ਬਾਗੀ ਧਿਰ ਦੀ ਤੇਜ ਤਰਾਰ ਆਗੂ ਬੀਬੀ ਕਿਰਨਜੋਤ ਕੌਰ ਨੇ ਸਵਾਲ ਚੁੱਕੇ । ਬੀਬੀ ਕਿਰਨਜੋਤ ਕੌਰ ਨੇ ਨਾ ਸਿਰਫ ਸਵਾਲ ਚੁੱਕੇ ਸਗੋ ਵੱਡਾ ਸਿਆਸੀ ਅਤੇ ਧਾਰਮਿਕ ਹਮਲਾ ਵੀ ਬੋਲਿਆ। ਜਿਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਲੇ ਤੱਕ ਨਹੀਂ ਦੇ ਪਾਈ। ਇਸ ਤੋਂ ਇਲਾਵਾ ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਵਲੋਂ ਆਪਣੇ ਫੇਸਬੁੱਕ ਪੇਜ ਤੇ ਸੁਖਬੀਰ ਸਿੰਘ ਬਾਦਲ ਪ੍ਰਤੀ ਜਾਹਿਰ ਕੀਤੇ ਵਲਵਲੇ ਤੇ ਸੁਧਾਰ ਲਹਿਰ ਦਾ ਜਵਾਬ ਹਮਲਾਵਰ ਰੁਖ ਦੀ ਨਿਸ਼ਾਨੀ ਪੇਸ਼ ਕਰਦਾ ਨਜਰ ਆਇਆ।
ਇਸ ਵੇਲੇ ਆਪੋ ਆਪਣੇ ਖੇਮੇ ਭਾਵ ਤਰਕਸ਼ ਵਿੱਚ ਐਸਜੀਪੀਸੀ (SGPC) ਮੈਂਬਰਾਂ ਦੇ ਰੂਪ ਵਿੱਚ ਕਿੰਨੇ ਤੀਰ ਬਾਕੀ ਨੇ, ਇਸ ਨੂੰ ਕਰਕੇ ਜੋੜ ਤੋੜ ਲਗਾਤਾਰ ਜਾਰੀ ਹੈ। ਜੇਕਰ ਪੰਥਕ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਦੇ ਵਿਚਾਰ ਦੀ ਗੱਲ ਕਰੀਏ ਤਾਂ ਤਮਾਮ ਲੋਕ ਸਮਝਦੇ ਹਨ ਕਿ ਸੁਧਾਰ ਲਹਿਰ ਕੋਲ ਆਪਣੇ ਖੇਮੇ ਵਿੱਚੋ ਗੁਆਉਣ ਲਈ ਕੁਝ ਨਹੀਂ ਹੈ ਪਰ ਜੇਕਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਵਿੱਚ ਹਾਰ ਮਿਲਦੀ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਡੇਲੀਗੇਟ ਇਜਲਾਸ ਬੁਲਾਉਣ ਦੀ ਮੰਗ ਹੋਰ ਤਿੱਖੇ ਰੂਪ ਵਿੱਚ ਉੱਠੇਗੀ ।