Site icon TheUnmute.com

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਸੁਰਜੀਤ ਸਿੰਘ ਪਾਤਰ

ਅੰਮ੍ਰਿਤਸਰ, 11 ਮਈ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਪਾਤਰ ਨੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇੱਕ ਖੇਤਰੀ ਭਾਸ਼ਾ ਵਿੱਚ ਲਿਖਣ ਕਾਰਜ ਕਰਕੇ ਪਦਮਸ਼੍ਰੀ ਅਤੇ ਸਾਹਿਤ ਅਕੈਡਮੀ ਅਵਾਰਡ ਵਰਗੇ ਸਿਖਰਲੇ ਸਨਮਾਨ ਹਾਸਲ ਕਰਨੇ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਪਾਤਰ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਕਾਸ਼ਨਾ ਹੇਠ ਇੱਕ ਅਹਿਮ ਪੁਸਤਕ ‘ਤੇਰੇ ਦਰ ’ਤੇ ਵਗਦੀ ਕਾਵਿ-ਨਦੀ – 52 ਕਾਵਿ-ਰਚਨਾਵਾਂ’ ਸੰਪਾਦਤ ਕਰਕੇ ਦਿੱਤੀ, ਜਿਸ ਵਿੱਚ ਸ਼ਾਮਲ ਕਵੀਆਂ ਦੀਆਂ ਕਵਿਤਾਵਾਂ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ। ਅਜਿਹੇ ਮਹਾਨ ਲੇਖਕ ਦਾ ਤੁਰ ਜਾਣਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਾਲ ਅਕਾਦਮਿਕ ਅਤੇ ਪੰਜਾਬੀ ਸਾਹਿਤਕ ਖੇਤਰ ਲਈ ਵੀ ਬੇਹੱਦ ਦੁੱਖਦਾਈ ਹੈ। ਐਡਵੋਕੇਟ ਧਾਮੀ ਸੁਰਜੀਤ ਪਾਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।

Exit mobile version