June 17, 2024 2:40 am
SGPC

SGPC ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਚੰਡੀਗੜ੍ਹ, 25 ਮਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਦਿਸ਼ਾ – ਨਿਰਦੇਸ਼ ਦੱਸੇ ਹਨ। ਦਰਅਸਲ ਪਿਛਲੇ ਕੁਝ ਸਮੇਂ ‘ਚ ਕਈ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨ੍ਹਾਂ ਤੋਂ ਬਾਅਦ ਧਾਰਮਿਕ ਸਥਾਨ ‘ਤੇ ਆਉਣ ਵਾਲੇ ਲੋਕਾਂ ਨੂੰ ਮਰਿਆਦਾ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ ਗਈ ਸੀ। SGPC ਵੱਲੋਂ ਜਾਰੀ ਇਹ ਦਿਸ਼ਾ -ਨਿਰਦੇਸ਼ ਇੱਦਾਂ ਹਨ :

1. ਆਪਣੇ ਸਿਰ ਨੂੰ ਚੰਗੀ ਤਰ੍ਹਾਂ ਕਪੜੇ ਨਾਲ ਢੱਕ ਕੇ ਪਰਿਕਰਮਾ ਵਿੱਚ ਦਾਖਲ ਹੋਵੋ। ਦਿਖਾਵੇ ਵਾਲੇ ਅਤੇ ਛੋਟੇ ਕਪੜੇ ਪਹਿਨਣ ਤੋਂ ਗੁਰੇਜ਼ ਕਰੋ।

2. ਜੋੜੇ-ਜੁਰਾਬਾਂ ਉਤਾਰ ਕੇ ਜੋੜੇ ਘਰ ਵਿੱਚ ਜਮ੍ਹਾਂ ਕਰਵਾਓ। ਆਪਣੇ ਹੱਥ ਅਤੇ ਪੈਰ ਧੋ ਕੇ ਹੀ ਅੰਦਰ ਜਾਓ।

3. ਸੇਵਾਦਾਰਾਂ ਨੂੰ ਮਰਿਆਦਾ ਬਾਰੇ ਜਾਣਕਾਰੀ ਦੇਣ ਦੀ ਸਿਖਲਾਈ ਦਿੱਤੀ ਗਈ ਹੈ। ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਮਰਿਆਦਾ ਨੂੰ ਲਾਗੂ ਕਰਵਾਉਣਾ ਹੈ। ਇਸ ਲਈ ਉਨ੍ਹਾਂ ਦਾ ਸਹਿਯੋਗ ਕਰੋ।

4. ਤੰਬਾਕੂ, ਬੀੜੀ/ਸਿਗਰਟ, ਸ਼ਰਾਬ ਆਦਿ ਕੋਈ ਵੀ ਨਸ਼ੀਲੀ ਚੀਜ਼ ਅੰਦਰ ਲੈ ਕੇ ਜਾਣਾ ਜਾਂ ਇਸ ਦੀ ਵਰਤੋਂ ਕਰਨਾ ਸਖਤ ਮਨ੍ਹਾਂ ਹੈ।

5. ਇਥੇ ਆ ਕੇ ਸਤਿਕਾਰ ਨਾਲ ਗੁਰਬਾਣੀ ਕੀਰਤਨ ਸਰਵਣ ਕਰੋ ਅਤੇ ਚੁੱਪ ਦਾ ਦਾਨ ਬਖਸ਼ੋ। ਰੌਲਾ ਪਾਉਣਾ, ਬਹੁਤ ਜ਼ਿਆਦਾ ਗੱਲਾਂ ਕਰਨਾ ਜਾਂ ਕੰਪਲੈਕਸ ਦੀ ਸ਼ਾਂਤੀ ਨੂੰ ਭੰਗ ਕਰਨਾ ਮਨ੍ਹਾਂ ਹੈ।

6. ਆਪਣਾ ਸਮਾਨ ਕੇਵਲ ਪਰਿਕਰਮਾ ਅੰਦਰ ਅਤੇ ਬਾਹਰਵਾਰ ਬਣੇ ਗਠੜੀ ਘਰਾਂ ‘ਚ ਜਮ੍ਹਾਂ ਕਰਵਾਓ।

7. ਪਰਿਕਰਮਾ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ।

8. ਪ੍ਰਬੰਧਕਾਂ ਦੀ ਇਜਾਜ਼ਤ ਤੋਂ ਬਗੈਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦੀ ਸਖ਼ਤ ਮਨਾਹੀ ਹੈ।

9. ਪਵਿੱਤਰ ਸਰੋਵਰ ਦੇ ਦੁਆਲੇ ਬੈਠਣ ਸਮੇਂ ਸਰੋਵਰ ਦੇ ਜਲ ਵਿੱਚ ਪੈਰ ਨਾ ਲਮਕਾਓ। ਮੱਛੀਆਂ ਨੂੰ ਪ੍ਰਸ਼ਾਦ ਤੇ ਹੋਰ ਖਾਣਾ ਨਾ ਪਾਇਆ ਜਾਵੇ। ਸਰੋਵਰ ਦੇ ਜਲ ਨੂੰ ਫੁੱਲ, ਕਾਗਜ਼ ਜਾਂ ਕਿਸੇ ਹੋਰ ਚੀਜ਼ ਨਾਲ ਦੂਸ਼ਿਤ ਨਾ ਕਰੋ।

10. ਆਪਣਾ ਕੀਮਤੀ ਸਮਾਨ, ਫ਼ੋਨ, ਪਰਸ ਆਦਿ ਸੰਭਾਲ ਕੇ ਰੱਖੋ।

11. ਪਰਿਕਰਮਾ ਅੰਦਰ ਮੌਜੂਦ ਇਤਿਹਾਸਕ ਬੇਰੀਆਂ, ਇਮਲੀ ਦੇ ਰੁੱਖਾਂ ਦੇ ਪੱਤੇ, ਫੱਲ ਤੋੜਨੇ ਅਤੇ ਕਿਸੇ ਕਿਸਮ ਦੀ ਛੇੜਛਾੜ ਕਰਨਾ ਸਖ਼ਤ ਮਨ੍ਹਾਂ ਹੈ।

12. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ CCTV ਕੈਮਰਿਆਂ ਦੀ ਨਿਗਰਾਨੀ ਵਿੱਚ ਹੈ।

13. ਕਿਸੇ ਤਰ੍ਹਾਂ ਦੀ ਘਟਨਾ ਵਾਪਰਣ ‘ਤੇ ਜਾਂ ਮੁਸ਼ਕਿਲ ਆਉਣ ‘ਤੇ ਸਹਾਇਤਾ ਪ੍ਰਾਪਤ ਕਰਨ ਲਈ ਪਰਿਕਰਮਾ ਅੰਦਰ ਸਥਿਤ ਕਮਰਾ ਨੰ. 50 ਅਤੇ 56 ਵਿੱਚ ਸੰਪਰਕ ਕਰੋ।