ਚੰਡੀਗੜ੍ਹ 03 ਫਰਵਰੀ 2022: SGPC ਨੇ ਪੰਜਾਬ ਚੋਣ ਕਮਿਸ਼ਨ ਨੂੰ ਕਾਂਗਰਸ ਦੀ ਕੀਤੀ ਸ਼ਿਕਾਇਤ ਗਈ ਹੈ | ਐਸ ਜੀ ਪੀ ਸੀ (SGPC) ਵੱਲੋਂ ਪੰਜਾਬ ਚੋਣ ਕਮਿਸ਼ਨ ਨੂੰ ਕਾਂਗਰਸ ਵੱਲੋਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਣ ਖਿਲਾਫ ਇੱਕ ਪੱਤਰ ਲਿਖ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਐਸ ਜੀ ਪੀ ਸੀ (SGPC) ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਅਜਿਹਾ ਕਰਨ ਨਾਲ ਸਿੱਖ ਸੰਗਤ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੰਜਾਬ ਕਾਂਗਰਸ ਦੀ ਮੁਹਿੰਮ ‘ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐਸ. ਕਰੁਣਾ ਰਾਜੂ ਨੂੰ ਸ਼ਿਕਾਇਤ ਕੀਤੀ ਹੈ।
ਸ਼੍ਰੋਮਣੀ ਕਮੇਟੀ ਅਨੁਸਾਰ, ਕਾਂਗਰਸ ਪਾਰਟੀ ਨੇ ਆਪਣੇ ਪ੍ਰਚਾਰ ਲਈ ਅਰਦਾਸ (ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ) ਦੀਆਂ ਲਾਈਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। “ਕਾਂਗਰਸ ਵੱਲੋਂ ਵਰਤੀਆਂ ਗਈਆਂ ਇਹ ਲਾਈਨਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਸਿੱਖ ਧਰਮ ਦੇ ਆਪਣੇ ਬੁਨਿਆਦੀ ਸਿਧਾਂਤ ਹਨ। ਜਦੋਂ ਵੀ ਕੋਈ ਵਿਅਕਤੀ ਆਪਣੇ ਨਿੱਜੀ ਲਾਭ ਲਈ ਸਿੱਖ ਸ਼ਬਦਾਵਲੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿੱਖ ਸਮਾਜ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ। ਪੰਜਾਬ ਕਾਂਗਰਸ ਨੇ ਆਪਣੇ ਨਾਅਰੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਈ ਹੈ। ਸਿੱਖ ਸੰਗਤ ਦਾ ਵੱਡਾ ਇਤਰਾਜ਼ ਪ੍ਰਾਪਤ ਹੋ ਰਿਹਾ ਹੈ, ”ਐਸਜੀਪੀਸੀ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਨੇ ਆਉਣ ਵਾਲੀਆਂ ਚੋਣਾਂ ਲਈ ਆਪਣਾ ਅਧਿਕਾਰਤ ਪ੍ਰਚਾਰ ਗੀਤ ਜਾਰੀ ਕੀਤਾ ਹੈ, ਜਿੱਥੇ ਇਨ੍ਹਾਂ ਲਾਈਨਾਂ ਦੀ ਵਰਤੋਂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਕਿ ਵੱਖ-ਵੱਖ ਥਾਵਾਂ ‘ਤੇ ਲੱਗੇ ਹੋਰਡਿੰਗ ਬੋਰਡਾਂ ਨੂੰ ਉਤਾਰਨ ਲਈ ਕਾਰਵਾਈ ਕੀਤੀ ਜਾਵੇ ਅਤੇ ਕਾਂਗਰਸ ਨੂੰ ਇਸ ਸਬੰਧੀ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ।