Site icon TheUnmute.com

ਪੰਜਾਬ ਕਾਂਗਰਸ ਕਾਡਰ ਦੀਆਂ ਭਾਵਨਾਵਾਂ ‘ਆਪ’ ਨਾਲ ਗੱਠਜੋੜ ਦੇ ਵਿਰੁੱਧ: ਪ੍ਰਤਾਪ ਸਿੰਘ ਬਾਜਵਾ

ਪ੍ਰਤਾਪ ਬਾਜਵਾ

ਚੰਡੀਗੜ੍ਹ, 06 ਸਤੰਬਰ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਕਾਂਗਰਸ (Punjab Congress) ਕਾਡਰ ਦੀਆਂ ਭਾਵਨਾਵਾਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤੇ ਬਿਨਾਂ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦੇ ਹੱਕ ‘ਚ ਹਨ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸੂਬਾ ਇਕਾਈ ਨੂੰ ਪੰਜਾਬ ਦੇ ਲੋਕਾਂ, ਕਾਂਗਰਸ ਕਾਡਰ ਅਤੇ ਵਰਕਰਾਂ ਦੇ ਮੂਡ ਦਾ ਮੁਲਾਂਕਣ ਕਰਨ ਦੀ ਆਜ਼ਾਦੀ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਕਾਡਰ ਅਤੇ ਵਰਕਰਾਂ ਸਮੇਤ ਪੰਜਾਬ ਕਾਂਗਰਸ ਦਾ ਨਜ਼ਰੀਆ ਇਹ ਹੈ ਕਿ ਸਾਡਾ ਸੂਬੇ ਵਿਚ ‘ਆਪ’ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਸੀਂ 2024 ਦੀਆਂ ਆਮ ਚੋਣਾਂ ਆਪਣੇ ਦਮ ‘ਤੇ ਲੜਾਂਗੇ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਜਿੱਤ ਇੱਕ ਸਿਆਸੀ ਪ੍ਰਯੋਗ ਸੀ ਜੋ ਬੁਰੀ ਤਰਾਂ ਅਸਫਲ ਰਿਹਾ ਹੈ। ਇਸ ਦੌਰਾਨ ‘ਆਪ’ ਸਰਕਾਰ ਦੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਵੀ ‘ਆਪ’ ਕਾਂਗਰਸ ਨਾਲ ਗੱਠਜੋੜ ਕਰਨ ਲਈ ਬੇਤਾਬ ਹੈ। ਪੰਜਾਬ ਕਾਂਗਰਸ (Punjab Congress) ਦੇ ਕਿਸੇ ਵੀ ਆਗੂ ਨੇ ‘ਆਪ’ ਨਾਲ ਗੱਠਜੋੜ ਕਰ ਕੇ ਚੋਣ ਲੜਨ ਬਾਰੇ ਕਦੇ ਬਿਆਨ ਜਾਰੀ ਨਹੀਂ ਕੀਤਾ। ਬਾਜਵਾ ਨੇ ਕਿਹਾ ਕਿ ਸਿਰਫ਼ ‘ਆਪ’ ਲੀਡਰਸ਼ਿਪ ਹੀ ਅਜਿਹੇ ਬਿਆਨ ਦੇ ਰਹੀ ਹੈ ਕਿਉਂਕਿ ਉਹ ਪੰਜਾਬ ‘ਚ ਆਪਣਾ ਆਧਾਰ ਗੁਆ ਚੁੱਕੇ ਹਨ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਿਸ ਤਰਾਂ ‘ਆਪ’ ਸਰਕਾਰ, ਖ਼ਾਸ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਵਹਾਰ ਕਰ ਰਹੇ ਹਨ, ਉਹ ਪੂਰੀ ਤਰਾਂ ਅਨੈਤਿਕ ਅਤੇ ਅਸਵੀਕਾਰਯੋਗ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦੇ। ‘ਆਪ’ ਨੇ ਸੂਬੇ ਨੂੰ ਆਰਥਿਕ ਗੜਬੜੀ ‘ਚ ਪਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ ਦੌਰਾਨ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਢਹਿ-ਢੇਰੀ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਦੇਖ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਲੋਕਤੰਤਰੀ ਸੰਸਥਾਵਾਂ ਲਈ ਕਿਸ ਤਰਾਂ ਦੀ ਮਹੱਤਤਾ ਰੱਖਦੀ ਹੈ। ਬਾਜਵਾ ਨੇ ਕਿਹਾ ਕਿ ਇਸ ਨੇ ਛੇ ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਕੇ ਲੋਕਤੰਤਰ ਦਾ ਗਲ਼ਾ ਘੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

Exit mobile version