ਚੰਡੀਗੜ੍ਹ, 28 ਮਈ 2023: ਹਲਕਾ ਸਮਾਣਾ ਦੇ ਪਿੰਡ ਰੰਧਾਵਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਸਹਿਜਪਾਲ ਸਿੰਘ (Sehajpal Singh) ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦੀ ਉਮਰ ਮਹਿਜ਼ 25 ਸਾਲ ਸੀ ਅਤੇ ਉਹ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਸਦਾ ਛੋਟਾ ਭਰਾ 21 ਸਾਲਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫੌਜ ਵਿੱਚ ਹੈ ਅਤੇ ਲੇਹ-ਲਦਾਖ ਵਿੱਚ ਡਿਊਟੀ ‘ਤੇ ਹੈ। ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕੈਬਿਨਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ |
ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਸਮਾਣਾ ਦਾ ਇਹ ਸ਼ਹੀਦ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਸੀ। ਅੱਜ ਪੂਰਾ ਪੰਜਾਬ ਅਤੇ ਭਾਰਤ ਸ਼ਹੀਦ ਜਵਾਨ (Sehajpal Singh) ਨੂੰ ਸਲਾਮ ਕਰਦਾ ਹੈ | । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਨੂੰ ਸਿਰ ਝੁਕਾਉਂਦੇ ਹਨ। ਜਾਣਕਾਰੀ ਮੁਤਾਬਕ ਫੌਜੀ ਸਹਿਜਪਾਲ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਰੰਧਾਵਾ ਪਹੁੰਚੇਗੀ, ਜਿਸ ਤੋਂ ਬਾਅਦ ਫੌਜੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਸ਼ਹੀਦ ਸਿਪਾਹੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।