Site icon TheUnmute.com

ਅੱਜ ਸਾਡੇ ਦੇਸ਼ ‘ਚ ਲੋਕਤੰਤਰ ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ: CM ਭਗਵੰਤ ਮਾਨ

Democracy

ਨਵੀਂ ਦਿੱਲੀ/ਚੰਡੀਗੜ੍ਹ, 23 ਮਾਰਚ 2024: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿਚ ਲੋਕਤੰਤਰ (Democracy) ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ।

ਦਿੱਲੀ ਦੇ ਸ਼ਹੀਦ ਪਾਰਕ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਬਲਿਦਾਨ ਦਿੱਤਾ ਤਾਂ ਜੋ ਸਾਡਾ ਦੇਸ਼ ਆਜ਼ਾਦ ਹੋ ਸਕੇ ਅਤੇ ਸਾਨੂੰ ਵੋਟ ਪਾਉਣ ਅਤੇ ਆਪਣੇ ਆਗੂ ਚੁਣਨ ਦਾ ਅਧਿਕਾਰ ਮਿਲ ਸਕੇ। ਪਰ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਰੂਹਾਂ ਨੂੰ ਜ਼ਰੂਰ ਦੁੱਖ ਹੋਵੇਗਾ ਕਿ ਇਸ ਦੇਸ਼ ਵਿੱਚ ਲੋਕਤੰਤਰ ਨਹੀਂ ਹੈ। ਉਹ (ਭਗਤ ਸਿੰਘ) ਜ਼ਰੂਰ ਸੋਚ ਰਿਹਾ ਹੋਵੇਗਾ, ਕੀ ਅਸੀਂ ਇਸ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ?

ਮਾਨ ਨੇ ਅੱਗੇ ਕਿਹਾ ਕਿ ਇਹ ਕਿਹੋ ਜਿਹਾ ਲੋਕਤੰਤਰ (Democracy) ਜਾਂ ਅਜ਼ਾਦੀ ਹੈ ਜਿੱਥੇ ਇਕ ਪਾਰਟੀ ਵਿਰੋਧੀ ਧਿਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੰਦੀ, ਵਿਰੋਧੀ ਧਿਰ ਨੂੰ ਚੋਣ ਲੜਨ ਨਹੀਂ ਦਿੰਦੀ, ਵਿਰੋਧੀ ਧਿਰ ਦੇ ਨੇਤਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੀ ਹੈ। ਜੇਕਰ ਵਿਰੋਧੀ ਧਿਰ ਜਿੱਤ ਰਹੀ ਹੈ ਤਾਂ ਚੰਡੀਗੜ੍ਹ ਵਾਂਗ ਉਨ੍ਹਾਂ ਦੀਆਂ ਵੋਟਾਂ ਰੱਦ ਕਰਕੇ ਆਪਣੀ ਪਸੰਦ ਦਾ ਮੇਅਰ ਨਿਯੁਕਤ ਕਰੋ। ਇਹ ਵੇਖ ਸਾਡੇ ਸ਼ਹੀਦਾਂ ਦੀਆਂ ਰੂਹਾਂ ਤੜਪ ਰਹੀ ਹੋਣਗੀਆਂ। ਪਰ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲਈ ਲੜਾਂਗੇ, ਇਸ ਤਾਨਾਸ਼ਾਹੀ ਵਿਰੁੱਧ ਲੜਦੇ ਰਹਾਂਗੇ।

‘ਆਪ’ ਨੇਤਾ ਨੇ ਅੱਗੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹਨ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ? ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੂਰਾ ਦੇਸ਼ ਇੰਨਾ ਗੁੱਸੇ ‘ਚ ਹੈ ਅਤੇ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ‘ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਵਿਰੋਧੀ ਧਿਰ ਸਰਕਾਰ ਬਣਾਉਣ ਜਾਂ ਰਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ।

ਜੇਕਰ ਉਹ ਦਿੱਲੀ ਹਾਰ ਜਾਂਦੇ ਹਨ ਤਾਂ ਉਨ੍ਹਾਂ ਦਾ ਐਲਜੀ ਰਾਜ ਕਰਦਾ ਹੈ। ਉਹ ਰਾਜਪਾਲਾਂ ਰਾਹੀਂ ਗੈਰ-ਭਾਜਪਾ ਸੂਬਾ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦਾ ਸੰਵਿਧਾਨ ਅੱਜ ਖਤਰੇ ਵਿੱਚ ਹੈ, ਅੱਜ ਸਾਡਾ ਲੋਕਤੰਤਰ ਖਤਰੇ ਵਿੱਚ ਹੈ। ਮੈਂ ਸਾਡੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਇਸ ਤਾਨਾਸ਼ਾਹੀ ਪਾਰਟੀ ਨਾਲ ਲੜਨ ਅਤੇ ਆਪਣੇ ਦੇਸ਼ ਅਤੇ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਣ ਦੀ ਅਪੀਲ ਕਰ ਰਿਹਾ ਹਾਂ।

ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਨ੍ਹਾਂ (ਭਾਜਪਾ) ਨੇ 26 ਜਨਵਰੀ ਦੀ ਪੰਜਾਬ ਦੀ ਝਾਂਕੀ ਨੂੰ ਰੱਦ ਕਰ ਦਿੱਤਾ, ਕੀ ਉਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੋਂ ਵੱਡੇ ਹੋ ਗਏ ਹਨ? ਪਹਿਲਾਂ ਅਸੀਂ ਅੰਗਰੇਜ਼ਾਂ ਨਾਲ ਲੜਦੇ ਸੀ, ਹੁਣ ਇਨ੍ਹਾਂ ਚੋਰਾਂ ਨਾਲ ਲੜ ਰਹੇ ਹਾਂ। ਅੱਜ ਦੁਨੀਆ ਭਰ ਦੇ ਕਈ ਅਖਬਾਰਾਂ ਨੇ ਛਾਪਿਆ ਕਿ ਭਾਰਤ ਵਿੱਚ ਲੋਕਤੰਤਰ ਖਤਰੇ ਵਿੱਚ ਹੈ।

ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਤੋਂ ਵੀ ਵੱਡੇ ਨੇਤਾ ਬਣ ਕੇ ਨਿਕਲਣਗੇ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੋਚ ਹੈ, ਤੁਸੀਂ ਇੱਕ ਸੋਚ ਨੂੰ ਕੈਦ ਨਹੀਂ ਕਰ ਸਕਦੇ। ਸਾਡਾ ਹਰ ਉਮੀਦਵਾਰ ਕੇਜਰੀਵਾਲ ਹੈ ਅਤੇ ਹਰ ਵਲੰਟੀਅਰ ਕੇਜਰੀਵਾਲ ਹੈ। ਉਹ ਸਾਨੂੰ ਰੋਕ ਨਹੀਂ ਸਕਣਗੇ। ਅਸੀਂ ਦਿੱਲੀ ਸਰਕਾਰ ਨੂੰ ਕਾਨੂੰਨ ਮੁਤਾਬਕ ਚਲਾਵਾਂਗੇ। ਕੋਈ ਕਾਨੂੰਨ ਇਹ ਨਹੀਂ ਕਹਿੰਦਾ ਕਿ ਜੇਕਰ ਤੁਸੀਂ ਕਿਸੇ ਮੁੱਖ ਮੰਤਰੀ ਨੂੰ ਸਿਆਸੀ ਬਦਲਾਖੋਰੀ ਤਹਿਤ ਜੇਲ੍ਹ ਵਿੱਚ ਡੱਕਦੇ ਹੋ ਤਾਂ ਉਸ ਨੂੰ ਅਸਤੀਫ਼ਾ ਦੇਣਾ ਪਵੇਗਾ।

Exit mobile version