ਚੰਡੀਗੜ੍ਹ 23 ਜਨਵਰੀ 2022: ਜੰਮੂ ਕਸ਼ਮੀਰ ਦੇ ਸ਼ੋਪੀਆਂ (Shopian) ਜ਼ਿਲ੍ਹੇ ਦੇ ਕਿਲਬਲ ਇਲਾਕੇ ’ਚ ਸ਼ਨੀਵਾਰ ਨੂੰ ਹੋਏ ਮੁਕਾਬਲੇ ’ਚ ਆਰਮੀ ਦੀ ਸਾਂਝੀ ਟੀਮ ਨੇ ਦਿ ਰਜਿਸਟੈਂਸ ਫਰੰਟ (ਟੀ. ਆਰ. ਐੱਫ.) ਦੇ 2 ਸਥਾਨਕ ਅੱਤਵਾਦੀ ਢੇਰ ਕਰ ਦਿੱਤਾ । ਸੂਤਰਾਂ ਦੇ ਮੁਤਾਬਕ ਪੁਲਸ, ਫੌਜ ਦੀ 34 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ ਇਕ ਸਾਂਝੀ ਟੀਮ ਨੇ ਇਲਾਕੇ (Shopian) ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਸਥਾਨ ’ਤੇ ਪੁੱਜੀ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ’ਚ ਟੀ. ਆਰ. ਐੱਫ./ਐੱਲ. ਈ. ਟੀ. ਦੇ 2 ਸਥਾਨਕ ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਪਛਾਣ ਸਮੀਰ ਅਹਿਮਦ ਸ਼ਾਹ ਪੁੱਤਰ ਨਜ਼ੀਰ ਅਹਿਮਦ ਸ਼ਾਹ ਨਿਵਾਸੀ ਧੰਗਮ ਸ਼ੋਪੀਆਂ (Shopian) ਅਤੇ ਰਈਸ ਅਹਿਮਦ ਮੀਰ ਪੁਤਰ ਮੁਹੰਮਦ ਅਸ਼ਰਫ ਮੀਰ ਨਿਵਾਸੀ ਤਕਿਆ ਵਹਗਾਮ ਪੁਲਵਾਮਾ ਦੇ ਰੂਪ ’ਚ ਕੀਤੀ ਗਈ ਹੈ।
ਦੂਜੇ ਪਾਸੇ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ’ਚ ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਦੇ ਇਕ ਸਹਿਯੋਗੀ ਨੂੰ ਪੁਲਸ ਨੇ ਸ਼ਨੀਵਾਰ ਨੂੰ ਗ੍ਰੇਨੇਡ ਸਮੇਤ ਗ੍ਰਿਫਤਾਰ ਕੀਤਾ। ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਪੁਲਸ ਨੇ ਫੌਜ ਦੀ 55 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ 185ਵੀਂ ਬਟਾਲੀਅਨ ਦੇ ਨਾਲ ਜੈਸ਼-ਏ-ਮੁਹੰਮਦ ਦੇ ਇਕ ਸਹਿਯੋਗੀ ਨੂੰ ਅਵੰਤੀਪੋਰਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਉਮਰ ਫਾਰੂਕ ਭੱਟ ਪੁੱਤਰ ਫਾਰੂਕ ਅਹਿਮਦ ਭੱਟ, ਨਿਵਾਸੀ ਰੇਂਜੀਪੋਰਾ (ਅਵੰਤੀਪੋਰਾ) ਦੇ ਰੂਪ ’ਚ ਕੀਤੀ ਗਈ ਹੈ। ਇਸ ਸੰਬੰਧ ’ਚ ਪੁਲਸ ਥਾਣਾ ਅਵੰਤੀਪੋਰਾ ’ਚ ਐੱਫ. ਆਈ. ਆਰ. ਨੰਬਰ 07/2022 ਦਰਜ ਕੀਤੀ ਗਈ ਹੈ।