ਪਟਿਆਲਾ 17 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਚੈਨ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਡੀਜੀਪੀ ਪੰਜਾਬ ਯਾਦਵ ਦੇ ਸਖ਼ਤ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ |
ਇਸ ਦੌਰਾਨ ਪੁਲਿਸ ਵਲੋਂ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਦੇ ਚੱਲਦਿਆਂ ਪਟਿਆਲਾ ਵਿਖੇ ਐੱਸ.ਐੱਸ.ਪੀ ਦੀਪਕ ਪਾਰਿਕ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਪਟਿਆਲਾ ਦੇ ਸਨੌਰੀ ਅੱਡਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਪੁਲਿਸ ਪਾਰਟੀ ਸਮੇਤ ਸਰਚ ਅਭਿਆਨ ਚਲਾਇਆ ਗਿਆ |
ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਈ ਪੁਲਿਸ ਪਾਰਟੀ ਵੱਲੋਂ ਜਿੱਥੇ ਹਰੇਕ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਉੱਥੇ ਹੀ ਸ਼ੱਕੀ ਵਾਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਹਨ | ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਐੱਸ.ਪੀ ਸਿਟੀ ਵਜ਼ੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਸਨੌਰੀ ਅੱਡੇ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਨਸ਼ਾ ਆਦਿ ਸਪਲਾਈ ਕਰਨ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਇਲਾਕਿਆਂ ਵਿਚ ਸਰਚ ਅਭਿਆਨ ਚਲਾਇਆ ਗਿਆ ਹੈ |
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਘਰਾਂ ਦੀ ਤਲਾਸ਼ੀ ਤੋਂ ਇਲਾਵਾ ਸ਼ੱਕੀ ਵਾਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚੋਂ ਨਸ਼ੇ ਦੀ ਚੈਨ ਨੂੰ ਖਤਮ ਕਰ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹੋ ਜਿਹੇ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਨੂੰ ਪੁਲਿਸ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ |