July 5, 2024 12:23 am
ਸਕੂਲ ਬੱਸ

ਬਟਾਲਾ ਦੇ ਨੇੜੇ ਅੱਗ ਦੀ ਲਪੇਟ ‘ਚ ਆਈ 42 ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ, 7 ਬੱਚੇ ਝੁਲਸੇ

ਚੰਡੀਗੜ੍ਹ 04 ਮਈ 2022: ਬਟਾਲਾ ਨੇੜੇ ਇਕ ਨਿੱਜੀ ਸਕੂਲ ਬੱਸ ਹਾਦਸਾ ਵਾਪਰਿਆ | ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਬੱਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ‘ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦੌਰਾਨ ਬੱਸ ਅੱਗ ਦੀ ਲਪੇਟ ‘ਚ ਆਉਂਦਿਆਂ ਹੀ ਪਲਟ ਗਈ | ਮੌਕੇ ‘ਤੇ ਪਹੁੰਚੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਜੱਦੋ-ਜਹਿਦ ਨਾਲ ਡਰਾਈਵਰ ਤੇ ਬੱਸ ਵਿਚ ਸਵਾਰ ਬੱਚਿਆਂ ਨੂੰ ਬਾਹਰ ਕੱਢਿਆ ਗਿਆ ।

ਪ੍ਰਪਾਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਵਿਚ 42 ਬੱਚੇ ਸਵਾਰ ਸਨ। ਇਹ ਨਿੱਜੀ ਬੱਸ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਘਰਾਂ ਨੂੰ ਵਾਪਸ ਛੱਡਣ ਜਾ ਰਹੀ ਸੀ। ਜਦ ਨਵਾਂ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਨਾੜ ਨੂੰ ਲੱਗੀ ਅੱਗ ਦੇ ਕਾਰਨ ਬੱਸ ਦਾ ਡਰਾਈਵਰ ਸੰਤੁਲਨ ਖੋ ਬੈਠਾ ਤੇ ਬੱਸ ਖੇਤਾਂ ‘ਚ ਪਲਟ ਗਈ ਤੇ ਅੱਗ ਨੇ ਬੱਸ ਨੂੰ ਲਪੇਟ ‘ਚ ਲੈ ਲਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਹਾਦਸਾ ਬਹੁਤ ਵੱਡਾ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਅੱਗ ਦੀ ਲਪੇਟ ਚ ਆਉਣ ਨਾਲ ਸੱਤ ਬੱਚੇ ਝੁਲਸ ਗਏ ਜਿਨ੍ਹਾਂ ਨੂੰ ਬਟਾਲਾ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਚ ਦਾਖ਼ਲ ਕਰਾਇਆ ਹੈ। ਦੱਸਿਆ ਜਾਂਦਾ ਹੈ ਕਿ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਭਿਆਨਕ ਅੱਗ ਦੀ ਲਪੇਟ ‘ਚ ਆਈ ਬੱਸ ਪੂਰੀ ਤਰ੍ਹਾਂ ਸੜ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਬਟਾਲਾ ਤੋਂ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਨਾਲ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਜਦਕਿ ਅਜੇ ਵੀ ਖੇਤਾਂ ‘ਚ ਅੱਗ ਭਾਂਬੜ ਮਚਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਵਾਰ ਸਰਕਾਰ ਦੀ ਢਿੱਲ ਕਾਰਨ ਕਿਸਾਨਾਂ ਨੇ ਨਿਧੜਕ ਹੋ ਕੇ ਨਾੜ ਨੂੰ ਅੱਗ ਲਗਾਈ ਤੇ ਕਈ ਥਾਈਂ ਹਾਦਸੇ ਵਾਪਰ ਚੁੱਕੇ ਹਨ।