ਨਵਾਂਸ਼ਹਿਰ 02 ਨਵੰਬਰ 2022: ਸਤਨਾਮ ਸਿੰਘ ਜਲਾਲਪੁਰ (Satnam Singh Jalalpur) ਨੇ ਅੱਜ ਇੱਥੇ ਜ਼ਿਲ੍ਹਾ ਯੋਜਨਾ ਕਮੇਟੀ, ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਪਰਸਨ ਦਾ ਅਹੁਦਾ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ’ਚ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੀ ਇਸ ਜ਼ਿੰਮੇਂਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।
ਯਾਤਰਾ, ਸਭਿਆਚਾਰਕ ਮਾਮਲੇ, ਕਿਰਤ ਤੇ ਨਿਵੇਸ਼ ਪ੍ਰੋਤਸਾਹਨ ਬਾਰੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਣ ਆਸ ਹੈ ਕਿ ਸਤਨਾਮ ਸਿੰਘ ਜਲਾਲਪੁਰ (Satnam Singh Jalalpur), ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਸੌਂਪੀ ਇਸ ਜ਼ਿੰਮੇਂਵਾਰੀ ਨੂੰ ਪੂਰੀ ਮੇਹਨਤ ਅਤੇ ਲੋਕਾਂ ਦੀ ਸੇਵਾ ਕਰਕੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੰਤਰੀ ਪ੍ਰਭਾਰੀ ਹੋਣ ਕਾਰਨ ਉਹ ਆਸਵੰਦ ਹਨ ਕਿ ਸਤਨਾਮ ਸਿੰਘ ਜਲਾਲਪੁਰ ਜ਼ਿਲ੍ਹੇ ਨਾਲ ਸਬੰਧਤ ਸਰਕਾਰ ਦੇ ਪੱਧਰ ’ਤੇ ਹੱਲ ਹੋਣ ਵਾਲੀਆਂ ਅਹਿਮ ਮੁਸ਼ਕਿਲਾਂ ਵੀ ਉਨ੍ਹਾਂ ਦੇ ਧਿਆਨ ’ਚ ਲਿਆਂਦੇ ਰਹਿਣਗੇ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ 7 ਮਹੀਨੇ ਦੇ ਕਾਰਜਕਾਲ ਵਿੱਚ ਹੀ ਅਜਿਹੇ ਇਤਿਹਾਸਕ ਲੋਕ ਹਿੱਤ ਵਾਲੇ ਫ਼ੈਸਲੇ ਕੀਤੇ ਹਨ, ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ 600 ਯੂਨਿਟ ਮੁਫ਼ਤ ਬਿਜਲੀ, 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ, ਪੰਜਾਬ ਦੀਆਂ ਮੰਡੀਆਂ ’ਚ ਫ਼ਸਲ ਨੂੰ ਬਿਨਾਂ ਕਿਸੇ ਦੇਰੀ ਅਤੇ ਮੁਸ਼ਕਿਲ ਦੇ ਚੁੱਕਣ ਅਤੇ ਤੁਰੰਤ ਅਦਾਇਗੀ ਦਾ ਫ਼ੈਸਲਾ ਅਤੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਜਿਹੇ ਫੈਸਲੇ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੋਏ ਹਨ।
ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੇ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਬਣਾਈ ਸੀ, ਸਰਕਾਰ ਉਨ੍ਹਾਂ ਆਸਾਂ ਤੇ ਉਮੀਦਾਂ ’ਤੇ ਪੂਰਾ ਉਤਰ ਰਹੀ ਹੈ। ਲੋਕਾਂ ਨਾਲ ਸਬੰਧਤ ਮੁਸ਼ਕਿਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਲੋਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੀ ਸਰਕਾਰ ਵੱਲੋਂ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦਾ ਖੁਸਿਆ ਵਕਾਰ ਬਹਾਲ ਕਰਨ ਵਿੱਚ ਅਤੇ ਇਸ ਨੂੰ ਵਪਾਰ, ਸਨਅਤ ਅਤੇ ਨਿਵੇਸ਼ ਲਈ ਸਭ ਤੋਂ ਬੇਹਤਰੀਨ ਥਾਂ ਬਣਾਉਣ ਦੇ ਆਪਣੇ ਮੰਤਵ ਵਿੱਚ ਲਗਾਤਾਰ ਸਫ਼ਲਤਾਪੂਰਵਕ ਅੱਗੇ ਵਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਧਿਆਨ ’ਚ ਜ਼ਿਲ੍ਹੇ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਨਸ਼ਾ ਤਸਕਰੀ ਆਦਿ ਲਿਆਂਦੀਆਂ ਗਈਆਂ ਹਨ, ਜਿਸ ਪ੍ਰਤੀ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਹੀ ਜੁਰਮ ਅਤੇ ਮੁਜਰਮਾਂ ਦੀ ਜੜ੍ਹ ਬਣਦੇ ਹਨ, ਇਸ ਲਈ ਸਰਕਾਰ ਵੀ ਸੂਬਾ ਪੱਧਰ ’ਤੇ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ।
ਇਸ ਮੌਕੇ ਮੌਜੂਦ ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ ਨੇ ਵੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ-ਨਿਯੁੱਕਤ ਚੇਅਰਪਰਸਨ ਸਤਨਾਮ ਸਿੰਘ ਜਲਾਲਪੁਰ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੌਂਪੀ ਇਸ ਜ਼ਿੰਮੇਂਵਾਰੀ ਨਾਲ ਜ਼ਿਲ੍ਹੇ ਦੇ ਲੋਕਾਂ ਦੀ ਹੋਰ ਅੱਗੇ ਹੋ ਕੇ ਸੇਵਾ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਪੀ (ਐਚ) ਗੁਰਮੀਤ ਕੌਰ, ਐਸ ਡੀ ਐਮ ਬੰਗਾ ਡਾ. ਪੂਨਮ ਪ੍ਰੀਤ ਕੌਰ, ਆਪ ਦੇ ਦੋਆਬਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਬੰਗਾ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ, ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਕਰਨਾਣਾ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸ਼ਰਮਾ, ਆਪ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਅਗਨੀਹੋਤਰੀ, ਮੀਡੀਆ ਕੋਆਰਡੀਨੇਟਰ ਚੰਦਰ ਮੋਹਨ ਜੇ ਡੀ ਤੋਂ ਇਲਾਵਾ ਉਪ ਅਰਥ ਤੇ ਅੰਕੜਾ ਸਲਾਹਕਾਰ ਹਰਮੇਸ਼ ਕੁਮਾਰ ਤੇ ਜ਼ਿਲ੍ਹਾ ਅੰਕੜਾ ਦਫ਼ਤਰ ਦਾ ਸਮੂਹ ਸਟਾਫ਼ ਮੌਜੂਦ ਸੀ।