ਚੰਡੀਗੜ੍ਹ, 24 ਅਕਤੂਬਰ 2024: ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ (Satkar Kaur)ਨੂੰ ਭਾਜਪਾ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ | ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ‘ਤੇ ਸਤਿਕਾਰ ਕੌਰ ਗਹਿਰੀ ਨੂੰ 6 ਸਾਲ ਲਈ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ |
ਇਸਦੇ ਨਾਲ ਹੀ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਜ਼ਿਲ੍ਹਾ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਸਤਕਾਰ ਕੌਰ ਨੇ ਆਪਣੇ ‘ਤ ਦੋਸ਼ਾਂ ‘ਤੇ ਕਿਹਾ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਅਤੇ ਉਹ ਸਿਆਸਤ ਦਾ ਸ਼ਿਕਾਰ ਹੋਈ ਹੈ | ਇਹ ਬਿਆਨ ਸਤਿਕਾਰ ਕੌਰ ਨੇ ਸਿਵਲ ਹਸਪਤਾਲ ਮੋਹਾਲੀ ਵਿਖੇ ਮੀਡੀਆ ਸਾਹਮਣੇ ਕਹੀ |
ਇਸ ਦੌਰਾਨ ਪੁਲਿਸ ਸਤਕਾਰ ਕੌਰ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਆਈ ਤਾਂ ਉਸ ਦਾ ਭਤੀਜਾ ਵੀ ਉਨ੍ਹਾਂ ਦੇ ਨਾਲ ਸੀ। ਸਤਿਕਾਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰੋਂ ਸੋਨਾ ਬਰਾਮਦ ਨਹੀਂ ਹੋਇਆ ਹੈ, ਜੋ ਪੈਸੇ ਹਨ ਉਹ ਆਪਣੀ ਕਾਰ ਵੇਚੀ ਸੀ |
ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਸਤਿਕਾਰ ਕੌਰ (Satkar Kaur) ਅਤੇ ਉਸਦੇ ਭਤੀਜੇ ਨੂੰ ਖਰੜ ਦੇ ਸੰਨੀ ਇਨਕਲੇਵ ਨੇੜੇ ਗ੍ਰਿਫਤਾਰ ਕੀਤਾ ਸੀ, ਪੁਲਿਸ ਮੁਤਾਬਕ ਉਹ 100 ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੀ ਫ਼ਿਰਾਖ਼ ‘ਚ ਸਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ (ਭਤੀਜੇ) ਦੀ ਪਛਾਣ ਜਸਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਫਿਰੋਜ਼ਪੁਰ ਦੇ ਪਿੰਡ ਬਹਿਬਲ ਖੁਰਦ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਖਰੜ ਦੇ ਸੰਨੀ ਇਨਕਲੇਵ ਵਿਖੇ ਸਾਬਕਾ ਵਿਧਾਇਕ ਸਤਕਾਰ ਕੌਰ ਦੇ ਘਰ ਰਹਿੰਦਾ ਹੈ। ਕਾਰ ਨੂੰ ਮੁਲਜ਼ਮ ਜਸਕੀਰਤ ਚਲਾ ਰਿਹਾ ਸੀ, ਜਦਕਿ ਸਾਬਕਾ ਵਿਧਾਇਕ ਉਨ੍ਹਾਂ ਦੇ ਨਾਲ ਬੈਠੀ ਸੀ। ਸਤਕਾਰ ਕੌਰ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ 2017-2022 ਤੱਕ ਵਿਧਾਇਕ ਰਹਿ ਚੁੱਕੀ ਹੈ।
ਪੁਲਿਸ ਮੁਤਾਬਕ ਸਾਬਕਾ ਵਿਧਾਇਕ ਦੇ ਘਰੋਂ 28 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਅਤੇ ਹੈਰੋਇਲ ਦੀ ਕੁੱਲ ਬਰਾਮਦਗੀ 128 ਗ੍ਰਾਮ ਹੋਈ ਅਤੇ ਘਰ ਦੀ ਤਲਾਸ਼ੀ ਦੌਰਾਨ 1.56 ਲੱਖ ਦੀ ਨਕਦੀ, ਕੁਝ ਸੋਨੇ ਦੇ ਗਹਿਣੇ ਅਤੇ ਹਰਿਆਣਾ ਅਤੇ ਦਿੱਲੀ ਨੰਬਰ ਵਾਲੀਆਂ ਕਈ ਕਾਰਾਂ ਦੀਆਂ ਰਜਿਸਟਰੇਸ਼ਨ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਟੋਇਟਾ ਫਾਰਚੂਨਰ, ਬੀ.ਐਮ.ਡਬਲਯੂ., ਹੁੰਡਈ ਵਰਨਾ ਅਤੇ ਸ਼ੇਵਰਲੇ ਸਮੇਤ ਚਾਰ ਵਾਹਨ ਵੀ ਜ਼ਬਤ ਕੀਤੇ ਹਨ ।
ਆਈਜੀਪੀ ਸੁਖਚੈਨ ਸਿੰਘ ਗਿੱਲ ਦੇ ਮੁਤਾਬਕ ਏ.ਐਨ.ਟੀ.ਐਫ ਦੀਆਂ ਟੀਮਾਂ ਨੂੰ ਸੂਤਰ ਤੋਂ ਪੁਖ਼ਤਾ ਸੂਚਨਾ ਮਿਲੀ ਸੀ ਕਿ ਉਹ (ਸੂਤਰ) ਸਾਬਕਾ ਵਿਧਾਇਕ ਸਤਕਾਰ ਕੌਰ ਤੋਂ ਨਸ਼ਾ ਖਰੀਦ ਰਿਹਾ ਹੈ। ਉਸ ਨੇ ਕਿਹਾ ਕਿ ਸੂਤਰ ਨੇ ਪੁਲਿਸ ਟੀਮਾਂ ਨੂੰ ਕੁਝ ਮੋਬਾਈਲ ਨੰਬਰ ਅਤੇ ਕਾਲ ਰਿਕਾਰਡਿੰਗਾਂ ਸਮੇਤ ਪੁਖਤਾ ਸਬੂਤ ਵੀ ਪ੍ਰਦਾਨ ਕੀਤੇ, ਜੋ ਕਿ ਸਾਬਕਾ ਵਿਧਾਇਕ ਦੇ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਹੋਣ ਦਾ ਸੰਕੇਤ ਦਿੰਦੇ ਹਨ।