Site icon TheUnmute.com

ਐੱਸ.ਏ. ਐੱਸ ਨਗਰ: ਉੱਘੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨਾਲ ਰੂ-ਬ-ਰੂ

ਡਾ. ਸਤੀਸ਼ ਕੁਮਾਰ ਵਰਮਾ

ਐੱਸ.ਏ. ਐੱਸ ਨਗਰ, 20 ਅਕਤੂਬਰ 2023: ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਉੱਘੇ ਆਲੋਚਕ ਅਤੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨਾਲ ਰੂ-ਬ-ਰੂ ਸਮਾਗਮ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ ਕਹਿੰਦਿਆਂ ਡਾ. ਸਤੀਸ਼ ਕੁਮਾਰ ਵਰਮਾ ਦੇ ਪੰਜਾਬੀ ਸਾਹਿਤ ਅਤੇ ਨਾਟਕ ਦੇ ਖੇਤਰ ਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫਤਰ ਜਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਉੱਘੇ ਆਲੋਚਕ ਅਤੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਆਖਿਆ ਕਿ ਸਾਹਿਤ ਉਹ ਸ਼ੈਅ ਹੈ ਜਿਹੜੀ ਬੰਦੇ ਨੂੰ ਜਿਊਣ ਲਾ ਦਿੰਦੀ ਹੈ ਭਾਵ ਬੰਦੇ ਅੰਦਰ ਲੁਕਿਆ ਬੰਦਾ ਬਾਹਰ ਕੱਢਦੀ ਹੈ। ਆਪਣੀ ਕਵਿਤਾ ‘ਮੇਰੀ ਮਾਂ-ਬੋਲੀ ਦੇ ਅੱਖਰ’ ਦੇ ਹਵਾਲੇ ਨਾਲ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਤਕਨੀਕੀ ਤੌਰ ‘ਤੇ ਬੜੀ ਅਮੀਰ ਅਤੇ ਸ਼ਾਨਦਾਰ ਬੋਲੀ ਹੈ ਕਿਉਂਕਿ ਪੰਜਾਬੀ ਬੋਲੀ ਕੋਲ ਹਰ ਭਾਵ ਨੂੰ ਹੂ-ਬ-ਹੂ ਪ੍ਰਗਟਾਉਣ ਦੀ ਸਮਰੱਥਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਤੁਸੀਂ ਕਿਸੇ ਦਾ ਦਰਦ ਦੇਖ ਕੇ ਮਹਿਸੂਸ ਕਰਦੇ ਹੋ ਤਾਂ ਤੁਹਾਡੇ ਅੰਦਰ ਲੇਖਕ ਦਾ ਦਿਲ ਹੈ। ਉਨ੍ਹਾਂ ਨੇ ਸਵੈ ਅਨੁਸ਼ਾਸ਼ਨ ਨੂੰ ਸਫ਼ਲਤਾ ਦਾ ਮੂਲ ਸ੍ਰੋਤ ਦੱਸਿਆ ਅਤੇ ਦੂਜੇ ਨੂੰ ਪਛਾੜ ਕੇ ਜਿੱਤਣ ਦੀ ਬਜਾਇ ਆਪਣੇ ਅੰਦਰਲੀਆਂ ਸਮਰੱਥਾਵਾਂ ਨੂੰ ਪਛਾਣ ਕੇ ਅੱਗੇ ਵਧਣ ਦੀ ਗੱਲ ਕੀਤੀ।

ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਸ੍ਰੋਤਿਆਂ ਵਿਚਾਲੇ ਸਵਾਲ ਜਵਾਬ ਦਾ ਸਿਲਸਿਲਾ ਵੀ ਬਾਖ਼ੂਬੀ ਚੱਲਿਆ ਅਤੇ ਵਕਤਾ ਵੱਲੋਂ ਬੜੇ ਵਿਸਥਾਰ ਅਤੇ ਸਪਸ਼ਟਤਾ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਰੂ-ਬ-ਰੂ ਦੌਰਾਨ ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਜਗਦੀਪ ਸਿੱਧੂ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਸੰਜੀਵਨ ਸਿੰਘ, ਅਜੀਤ ਕੰਵਲ ਸਿੰਘ ਹਮਦਰਦ, ਮਧੂ ਬੈਂਸ, ਬਲਦੇਵ ਸਿੰਘ, ਹਰਮਨ ਸਿੰਘ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਡਾ. ਸਤੀਸ਼ ਕੁਮਾਰ ਵਰਮਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਰੂ-ਬ-ਰੂ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Exit mobile version