Site icon TheUnmute.com – Punjabi News

ਸਰਦਾਰਨੀ ਸਦਾ ਕੌਰ ਤੇ ਕਨ੍ਹਈਆ ਮਿਸਲ ਦੇ ਸਰਦਾਰਾਂ ਨੂੰ ਭੁੱਲਿਆ ਬਟਾਲਾ

ਕਨ੍ਹਈਆ ਮਿਸਲ

ਬਟਾਲਾ ਸ਼ਹਿਰ ਵਿਚੋਂ ਕਨ੍ਹਈਆ ਮਿਸਲ ਦੇ ਸਰਦਾਰਾਂ ਦੀਆਂ ਸਮਾਧਾਂ ਦੇ ਨਾਮੋ ਨਿਸ਼ਾਨ ਮਿਟੇ

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ
ਬਟਾਲਾ

18ਵੀਂ ਸਦੀ ਵਿੱਚ ਸਿੱਖ ਮਿਸਲਾਂ ਦੇ ਦੌਰ ਵਿੱਚ ਕਨ੍ਹਈਆ ਮਿਸਲ ਅਹਿਮ ਮਿਸਲ ਸੀ। ਸਿੱਖ ਰਾਜ ਦੀ ਉਸਾਰੀ ਵਿੱਚ ਕਨ੍ਹਈਆ ਮਿਸਲ ਦੇ ਮਿਸਲਦਾਰ ਸਰਦਾਰ ਜੈ ਸਿੰਘ ਕਨ੍ਹਈਆ, ਉਨ੍ਹਾਂ ਦੇ ਪੱਤਰ ਸ. ਗੁਰਬਖਸ਼ ਸਿੰਘ ਅਤੇ ਸਰਦਾਰਨੀ ਸਦਾ ਕੌਰ ਦਾ ਪ੍ਰਮੁੱਖ ਰੋਲ ਰਿਹਾ ਹੈ। ਕਨ੍ਹਈਆ ਮਿਸਲ ਦਾ ਬਟਾਲਾ ਸ਼ਹਿਰ ਨਾਲ ਬਹੁਤ ਗੂੜ੍ਹਾ ਨਾਤਾ ਸੀ। ਬਟਾਲਾ ਇੱਕ ਹਿਸਾਬ ਨਾਲ ਕਨ੍ਹਈਆ ਮਿਸਲ ਦੀ ਰਾਜਧਾਨੀ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਬਟਾਲਾ ਵਿਖੇ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ। ਕਨ੍ਹਈਆ ਮਿਸਲ ਨੇ ਬਟਾਲਾ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਕਈ ਲਹੂ-ਡੋਲਵੀਆਂ ਜੰਗਾਂ ਵੀ ਲੜੀਆਂ ਅਤੇ ਅਜਿਹੀ ਹੀ ਇੱਕ ਜੰਗ ਵਿੱਚ ਜਾਹਦਪੁਰ ਸੇਖਵਾਂ (ਨੇੜੇ ਅੱਚਲ ਸਾਹਿਬ) ਦੇ ਮੈਦਾਨ ਵਿੱਚ ਕਨ੍ਹਈਆ ਮਿਸਲ ਦਾ ਸਰਦਾਰ ਅਤੇ ਸਰਦਾਰਨੀ ਸਦਾ ਕੌਰ ਦਾ ਪਤੀ ਗੁਰਬਖਸ਼ ਸਿੰਘ ਮਾਰਿਆ ਗਿਆ ਸੀ।

ਗੁਰਬਖਸ਼ ਸਿੰਘ ਦੀ ਮੌਤ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਮੋੜ ਸਾਬਤ ਹੋਈ। ਇਸ ਘਟਨਾ ਤੋਂ ਬਾਅਦ ਹੀ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ, ਸੂਝਵਾਨ ਤੇ ਨੀਤੀਵਾਨ ਔਰਤ ਸਦਾ ਕੌਰ ਦਾ ਆਗਮਨ ਹੋਇਆ। ਇਹ ਓਹੀ ਸਦਾ ਕੌਰ ਸੀ ਜਿਸ ਨੇ ਬਾਲਕ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਆਪਣਾ ਸਾਰਾ ਜ਼ੋਰ ਲਗਾ ਦਿੱਤਾ।

ਗੱਲ ਵਾਪਸ ਬਟਾਲਾ ਸ਼ਹਿਰ ਦੇ ਕਨ੍ਹਈਆ ਮਿਸਲ ਨਾਲ ਸਬੰਧ ਉੱਪਰ ਲਿਆਉਂਦੇ ਹਾਂ। ਬਟਾਲਾ ਸ਼ਹਿਰ ਜਿਥੇ ਕਨ੍ਹਈਆ ਮਿਸਲ ਦੀ ਰਾਜਧਾਨੀ ਰਿਹਾ ਹੈ ਓਥੇ ਇਹ ਕਨ੍ਹਈਆ ਮਿਸਲ ਦੇ ਬਾਨੀ ਸਰਦਾਰ ਜੈ ਸਿੰਘ ਅਤੇ ਉਸਦੇ ਪੁੱਤਰ ਗੁਰਬਖਸ਼ ਸਿੰਘ ਦਾ ਅੰਤਿਮ ਸਥਾਨ ਵੀ ਹੈ। ਏਨ੍ਹਾਂ ਦੋਵਾਂ ਸਰਦਾਰਾਂ ਦੀ ਸਮਾਧਾਂ ਬਟਾਲਾ ਵਿਖੇ ਬਣੀਆਂ ਸਨ। ਇਹ ਸਮਾਧਾਂ ਹੁਣ ਵਾਲੇ ਸਿਟੀ ਰੋਡ ਦੇ ਹੰਸਲੀ ਨਾਲੇ ਦੇ ਪੁੱਲ ਕੋਲ ਬਾਲਕ ਨਾਥ ਦੇ ਮੰਦਰ ਦੇ ਕੋਲ ਸਨ। ਏਥੇ ਬਾਲਕ ਨਾਥ ਮੰਦਰ ਅਤੇ ਭੂਤ ਨਾਥ ਮੰਦਰ ਤਾਂ ਕੁਝ ਸਮਾਂ ਪਹਿਲਾਂ ਹੀ ਬਣੇ ਹਨ।

ਜਦੋਂ ਰਾਮਗੜ੍ਹੀਆ, ਸ਼ੁਕਰਚੱਕੀਆ ਅਤੇ ਸੰਸਾਰ ਚੰਦ ਦੀ ਸਾਂਝੀ ਮੁਹਿੰਮ ਦਾ ਸਾਹਮਣਾ ਕਰਦਿਆਂ ਗੁਰਬਖਸ਼ ਸਿੰਘ ਮਾਰਿਆ ਗਿਆ ਤਾਂ ਸਰਦਾਰ ਜੈ ਸਿੰਘ ਅਤੇ ਸਦਾ ਕੌਰ ਨੇ ਬਟਾਲਾ ਸ਼ਹਿਰ ਦੀ ਉੱਤਰ ਬਾਹੀ ਤੇਲੀ ਦਰਵਾਜ਼ੇ (ਹੁਣ ਸ਼ੇਰਾਂ ਵਾਲਾ ਗੇਟ) ਦੇ ਬਾਹਰਵਾਰ ਹੰਸਲੀ ਨਾਲੇ ਦੇ ਖੱਬੇ ਕੰਢੇ ਅੰਤਿਮ ਸਸਕਾਰ ਕਰਕੇ ਇੱਕ ਖੂਬਸੂਰਤ ਸਮਾਧ ਬਣਾਈ। ਜਦੋਂ ਸਰਦਾਰ ਜੈ ਸਿੰਘ ਕਨ੍ਹਈਆ ਵੀ ਅਕਾਲ ਚਲਾਣਾ ਕੀਤੇ ਤਾਂ ਉਨ੍ਹਾਂ ਦੀ ਸਮਾਧ ਵੀ ਗੁਰਬਖਸ਼ ਸਿੰਘ ਦੀ ਸਮਾਧ ਦੇ ਕੋਲ ਬਣਾਈ ਗਈ।

ਸਰਦਾਰਨੀ ਸਦਾ ਕੌਰ ਜੋ ਬਾਅਦ ਵਿੱਚ ਪੂਰੀ ਤਰਾਂ ਤਾਕਤ ਵਿੱਚ ਆ ਗਈ ਸੀ ਨੇ ਆਪਣੀ ਪਤੀ ਸ. ਗੁਰਬਖਸ਼ ਸਿੰਘ ਅਤੇ ਸਹੁਰੇ ਸ. ਜੈ ਸਿੰਘ ਕਨ੍ਹਈਆ ਦੀਆਂ ਸਮਾਧਾਂ ਦੇ ਕੋਲ ਇੱਕ ਖੂਬਸੂਰਤ ਤਲਾਬ ਬਣਾਇਆ ਅਤੇ ਨਾਲ ਹੀ ਓਥੇ ਇੱਕ ਖੂਬਸੂਰਤ ਬਾਗ ਲਗਵਾਇਆ। ਹੰਸਲੀ ਨਾਲੇ ਦੇ ਪਾਣੀ ਨਾਲ ਇਸ ਤਲਾਬ ਨੂੰ ਭਰਿਆ ਜਾਂਦਾ ਸੀ। ਇਸ ਤਲਾਬ ਦੀ ਬਟਾਲਾ ਸ਼ਹਿਰ ਦੇ ਬਾਕੀ ਤਲਾਬਾਂ ਨਾਲੋਂ ਇਹ ਖਾਸੀਅਤ ਸੀ ਕਿ ਇਸ ਵਿੱਚ ਔਰਤਾਂ ਦੇ ਨਹਾਉਣ ਲਈ ਵਿਸ਼ੇਸ਼ ਤੌਰ ਵੱਖਰਾ ਪੋਣਾ (ਹਮਾਮ) ਬਣਿਆ ਹੋਇਆ ਸੀ ਜੋ ਅੱਜ ਵੀ ਦੇਖਿਆ ਜਾ ਸਕਦਾ ਹੈ।

ਸਰਦਾਰ ਜੈ ਸਿੰਘ ਕਨ੍ਹਈਆ ਅਤੇ ਸ. ਗੁਰਬਖਸ਼ ਸਿੰਘ ਦੀਆਂ ਸਮਾਧਾ ਤਲਾਬ ਦੇ ਦੱਖਣ ਵਾਲੇ ਕਿਨਾਰੇ ਦੇ ਕੋਲ ਸਨ। 80 ਦੇ ਦਹਾਕੇ ਤੱਕ ਵੀ ਇਹ ਸਮਾਧਾਂ ਮੌਜੂਦ ਸਨ। ਸਿੱਖ ਰਾਜ ਦੇ ਉਸਰੱਈਆਂ ਦੀਆਂ ਸਮਾਧਾਂ ਹੁਣ ਪੂਰੀ ਤਰਾਂ ਅਲੋਪ ਹੋ ਚੁੱਕੀਆਂ ਹਨ ਅਤੇ ਨਾ ਹੀ ਅਗਲੀ ਪੀੜ੍ਹੀ ਨੂੰ ਇਸ ਬਾਰੇ ਕੁਝ ਪਤਾ ਹੈ। ਹਾਂ ਸਮਾਧਾਂ ਵਾਲੀ ਥਾਂ `ਤੇ ਨਾਨਕਸ਼ਾਹੀ ਇੱਟਾਂ ਦੇ ਨਿਸ਼ਾਨ ਜਰੂਰ ਉਨ੍ਹਾਂ ਸਿੱਖ ਜਰਨੈਲਾਂ ਦੀ ਬਾਤ ਪਾਉਂਦੇ ਹਨ।

ਜਦੋਂ ਸਰਦਾਰਨੀ ਸਦਾ ਕੌਰ ਨੇ ਆਪਣੇ ਪਤੀ ਸ. ਗੁਰਬਖਸ਼ ਸਿੰਘ ਅਤੇ ਸਹੁਰੇ ਜੈ ਸਿੰਘ ਦੀਆਂ ਸਮਾਧਾ ਬਣਾਈਆਂ ਸਨ ਤਾਂ ਓਦੋਂ ਹੰਸਲੀ ਨਾਲਾ ਤਲਾਬ ਦੀ ਉੱਤਰ ਬਾਹੀ ਵਹਿੰਦਾ ਸੀ। ਸੰਨ 1950 ਤੋਂ ਬਾਅਦ ਜਦੋਂ ਸਿਟੀ ਰੋਡ ਵਾਲਾ ਪੁੱਲ ਬਣਿਆ ਤਾਂ ਹੰਸਲੀ ਨਾਲੇ ਦੀ ਦੁਬਾਰਾ ਅਲਾਈਨਮੈਂਟ ਕਰਕੇ ਇਸਨੂੰ ਤਲਾਬ ਤੇ ਸਮਾਧਾਂ ਦੇ ਦੱਖਣ ਵੱਲ ਦੀ ਕਰ ਦਿੱਤਾ ਗਿਆ।
ਸਰਦਾਰ ਜੈ ਸਿੰਘ ਕਨ੍ਹਈਆ ਅਤੇ ਸ. ਗੁਰਬਖਸ਼ ਸਿੰਘ ਦੀਆਂ ਸਮਾਧਾਂ ਖ਼ਤਮ ਹੋਣ ਦੇ ਨਾਲ ਰਾਣੀ ਸਦਾ ਕੌਰ ਦੇ ਤਲਾਬ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਗਿਆ ਹੈ। ਬੇਸ਼ੱਕ ਤਲਾਬ ਅਜੇ ਵੀ ਹੈ ਪਰ ਕੋਈ ਸੰਭਾਲ ਨਾ ਹੋਣ ਕਾਰਨ ਇਸਦੀਆਂ ਪੌੜੀਆਂ ਨੁਕਸਾਨੀਆਂ ਗਈਆਂ ਹਨ। ਪਿਛਲੇ ਕਈ ਦਹਾਕਿਆਂ ਤੋਂ ਇਹ ਤਲਾਬ ਪੂਰਾ ਤਰਾਂ ਸੁੱਕਾ ਹੋਇਆ ਹੈ।

ਜਿਵੇਂ ਬਟਾਲਾ ਸ਼ਹਿਰ ਵਿੱਚੋਂ ਕਨ੍ਹਈਆ ਮਿਸਲ ਦੇ ਸਰਦਾਰਾਂ ਦੀਆਂ ਯਾਦਗਾਰਾਂ ਖਤਮ ਹੋਈਆਂ ਹਨ ਓਵੇਂ ਹੀ ਬਟਾਲਵੀਆਂ ਦੇ ਮਨਾਂ ਵਿਚੋਂ ਸਰਦਾਰ ਜੈ ਸਿੰਘ ਕਨ੍ਹਈਆ, ਸ. ਗੁਰਬਖਸ਼ ਸਿੰਘ ਅਤੇ ਸਰਦਾਰਨੀ ਸਦਾ ਕੌਰ ਵੀ ਸਦਾ ਲਈ ਵਿਸਰ ਗਏ ਹਨ। ਇਨ੍ਹਾਂ ਕੌਮੀ ਵਿਰਾਸਤਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਬਟਾਲਾ ਵਾਸੀਆਂ ਲਈ ਹੁਣ ਸਰਦਾਰਨੀ ਸਦਾ ਕੌਰ ਅਤੇ ਕਨ੍ਹਈਆ ਮਿਸਲ ਪੂਰੀ ਤਰਾਂ ਓਪਰੇ ਹਨ।