Site icon TheUnmute.com

Saras Mela: ਪੇਂਡੂ ਵਿਰਾਸਤੀ ਭਾਂਡੇ ਮੇਲੇ ਨੂੰ ਲਗਾ ਰਹੇ ਚਾਰ ਚੰਨ, ਮੇਲੀਆਂ ਨੂੰ ਪਸੰਦ ਆਏ ਕੱਚੀ ਮਿੱਟੀ ਦੇ ਭਾਂਡੇ

Saras Mela

ਮੋਹਾਲੀ, 22 ਅਕਤੂਬਰ 2024: ਮਾਨਵ ਮੰਗਲ ਸਕੂਲ ਨੇੜੇ ਸੈਕਟਰ-88 ਦੇ ਓਪਨ ਗਰਾਊਂਡ ਵਿਖੇ ਅਜੀਵਿਕਾ ਮਿਸ਼ਨ ਤਹਿਤ 18 ਅਕਤੂਬਰ ਤੋਂ 27 ਅਕਤੂਬਰ ਤੱਕ ਕਰਵਾਏ ਜਾ ਰਹੇ ਜ਼ਿਲ੍ਹੇ ਦੇ ਪਹਿਲੇ ਸਰਸ ਮੇਲੇ (Saras Mela) ’ਚ ਕੱਲ੍ਹ ਰਾਤ ਕਰਵਾਚੌਥ ਨੂੰ ਸਮਰਪਿਤ ਸੁਹਾਗ ਫ਼ੈਸ਼ਨ ਸ਼ੋਅ ਕਰਵਾਇਆ।

ਇਸਦੇ ਨਾਲ ਹੀ ਲੱਗੇ ਖਾਣ-ਪੀਣ ਅਤੇ ਪਹਿਨਣ ਦੀਆਂ ਵਸਤਾਂ ਦੇ ਵੱਖ-ਵੱਖ ਸਟਾਲ ਖਿੱਚ ਦਾ ਕੇਂਦਰ ਬਣ ਰਹੇ ਹਨ | ਉੱਥੇ ਹੀ ਹਰਿਆਣਾ ਦੇ ਜ਼ਿਲ੍ਹਾ ਨੂੰਹ ਦੀ ਸਵਿਤਰੀ ਵੱਲੋਂ ਕੱਚੀ ਮਿੱਟੀ ਦੇ ਭਾਂਡਿਆਂ ਦਾ ਸਟਾਲ ਲਗਾਇਆ ਹੈ। ਇਨ੍ਹਾਂ ਕੱਚੇ ਭਾਂਡਿਆਂ ਨੂੰ ਤਿਆਰ ਕਰਨ ਵਾਲਿਆਂ ਨੇ ਦੱਸਿਆ ਕਿ ਕੱਚੇ ਭਾਂਡਿਆਂ ਨੂੰ ਤਿਆਰ ਕਰਨ ਲਈ ਕਾਫ਼ੀ ਸਮਾਂ ਲੱਗਦਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਖੇਤਾਂ ‘ਚ ਮਿੱਟੀ ਪੁੱਟ ਕੇ ਲਿਆਉਣੀ, ਫਿਰ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਨ੍ਹਾਂ ਭਾਂਡਿਆਂ ਲਈ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਕੱਚੇ ਭਾਂਡਿਆਂ ਨੂੰ ਬਣਾਉਣ ਲਈ ਚਿੱਕਣੀ ਕਾਲ਼ੀ ਮਿੱਟੀ, ਲਾਲ ਮਿੱਟੀ ਅਤੇ ਪੀਲ਼ੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਂਡੇ ਤਿਆਰ ਕਰਕੇ ਫਿਰ ਉਸ ਨੂੰ ਪਕਾਉਣ ਲਈ ਲੱਕੜ ਦੇ ਬਰਾਦੇ ਦੀ ਵਰਤੋਂ ਕੀਤੀ ਜਾਂਦੀ ਹੈ। ਭਾਂਡਿਆਂ ਨੂੰ ਪੱਕਣ ‘ਚ ਬਹੁਤ ਸਮਾਂ ਲੱਗ ਜਾਂਦਾ ਹੈ।

ਕਾਰਗਾਰੀ ਨੇ ਦੱਸਿਆ ਕਿ ਅੱਜ ਦੀ ਨਵੀਂ ਪੀੜੀ ਇਨ੍ਹਾਂ ਭਾਂਡਿਆਂ ‘ਚ ਖਾਣਾ ਖਾਣ ਜਾਂ ਪਕਾਉਣ ਲਈ ਕੰਨੀ ਕਤਰਾਉਂਦੀ ਹੈ, ਜਦੋਂ ਕਿ ਪਿੰਡਾਂ ਦੀ ਸਾਦੀ ਮਿੱਟੀ ਤੋਂ ਤਿਆਰ ਕੀਤੇ ਭਾਂਡੇ ਰੋਜ਼ਾਨਾਂ ਵਰਤੋਂ ਲਈ ਬਹੁਤ ਲਾਭਦਾਇਕ ਹਨ ਅਤੇ ਪੁਰਾਣੇ ਲੋਕਾਂ ਵੱਲੋਂ ਘਰਾਂ ‘ਚ ਕੱਚੀ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਸੀ।

ਸਰਸ ਮੇਲੇ (Saras Mela) ਦੌਰਾਨ ਲੋਕਾਂ ਵੱਲੋਂ ਇਨ੍ਹਾਂ ਭਾਂਡਿਆਂ ਦੀ ਭਾਰੀ ਮਾਤਰਾ ‘ਚ ਖਰੀਦਦਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ‘ਚ ਖਾਸ ਤੌਰ ਤੇ ਦੀਵਾਲੀ ਨੂੰ ਰੁਸ਼ਨਾਉਣ ਵਾਲੇ ਮਿੱਟੀ ਦੇ ਦੀਵੇ, ਫਲਾਵਰ ਪੋਟ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀ ਤੋਂ ਬਣੀਆਂ ਸਜਾਵਟੀ ਵਸਤੂਆਂ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਫਲਾਵਰ ਪੋਟ ਤਿਆਰ ਕਰਨ ਲਈ ਰੇਤ, ਫੈਵੀਕੋਲ ਅਤੇ ਚਿੱਟੇ ਸੀਮਿੰਟ ਦੀ ਵਰਤੋਂ ਕੀਤੀ ਜਾਂਦੀ ਹੈ। ਮਿੱਟੀ ਦੇ ਭਾਂਡਿਆ ਦੇ ਲੱਗੇ ਸਟਾਲਾਂ ਤੇ ਜਿੱਥੇ ਲੋਕ ਤਿਉਹਾਰਾਂ ਦੇ ਦਿਨਾਂ ‘ਚ ਖਰੀਦਦਾਰੀ ਕਰ ਰਹੇ ਹਨ ਉੱਥੇ ਇਹ ਪੇਂਡੂ ਵਿਰਾਸਤੀ ਭਾਂਡੇ ਮੇਲੇ ਨੂੰ ਚਾਰ ਚੰਨ ਲਗਾ ਰਹੇ ਹਨ।

Exit mobile version