July 7, 2024 4:21 pm
Balbir Singh Seechewal

ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵੱਜੋਂ ਚੁੱਕੀ ਸਹੁੰ, ਕਿਹਾ ਪੰਜਾਬ ਦੇ ਹਵਾ, ਪਾਣੀ ਤੇ ਮਿੱਟੀ ਨਾਲ ਜੁੜੇ ਮੁੱਦਿਆ ਨੂੰ ਚੁੱਕਦੇ ਰਹਿਣਗੇ

ਸੁਲਤਾਨਪੁਰ ਲੋਧੀ 08 ਜੁਲਾਈ 2022: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਰਾਜ ਸਭਾ ਚੋਣਾਂ ਦੇ ਉਮੀਦਵਾਰ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਆਪਣੇ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸੁੰਹ ਮਾਂ ਬੋਲੀ ਭਾਸ਼ਾ ਪੰਜਾਬੀ ਵਿਚ ਚੁੱਕੀ। ਰਾਜ ਸਭਾ ਦੇ ਚੇਅਰਮੈਨ ਤੇ ਦੇਸ਼ ਦੇ ਉਪ ਰਾਸ਼ਟਰਪਤੀ ਐਮ. ਵੈਕਈਆ ਨਾਇਡੂ ਨੇ ਸੰਤ ਸੀਚੇਵਾਲ ਨੂੰ ਆਪਣੇ ਚੈਂਬਰ ਵਿੱਚ ਸੁੰਹ ਚੁਕਾਈ। ਸੰਤ ਸੀਚੇਵਾਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਹ ਨਿਰਵਿਰੋਧ ਚੁਣੇ ਗਏ ਸਨ।

ਇਸਦੇ ਨਾਲ ਹੀ ਸੁੰਹ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਰਾਜ ਸਭਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫੇ ਨੂੰ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਜਿਹੜੇ ਉਹ ਰਾਜ ਸਭਾ ਦੇ ਹਾਊਸ ਵਿੱਚ ਚੁੱਕਦੇ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਮੁੱਦਾ ਉਨ੍ਹਾਂ ਦੀ ਪ੍ਰਮੁੱਖਤਾ ਵਿੱਚ ਰਹੇਗਾ ਕਿਉਂਕਿ ਇਸ ਨਾਲ ਹਵਾ, ਪਾਣੀ ਤੇ ਮਿੱਟੀ ਦੇ ਮੁੱਦੇ ਜੁੜੇ ਹੋਏ ਹਨ। ਵਾਤਾਵਰਣ ਦਾ ਮੁੱਦਾ ਭਾਵੇਂ ਗੋਲਬਲੀ ਹੈ ਪਰ ਇਸ ਦੀ ਸ਼ੁਰੂਆਤ ਬਾਬੇ ਨਾਨਕ ਨੇ ਸੁਲਤਾਨਪੁਰ ਦੀ ਧਰਤੀ ਤੋਂ ਪੰਜ ਸਦੀਆਂ ਪਹਿਲਾਂ ਕਰ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹੋਰ ਮੁੱਦੇ ਵੀ ਹਨ ਜਿਹੜੇ ਵਾਤਾਵਰਣ ਨਾਲ ਜੁੜੇ ਹੋਏ ਹਨ। ਖੇਤੀ ਪ੍ਰਧਾਨ ਸੂਬਾ ਪੰਜਾਬ ਇਸ ਸਮੇਂ ਕਰਜ਼ੇ ਹੇਠ ਡੁੱਬਿਆ ਪਿਆ ਹੈ। ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਇੰਡਸਟਰੀ ਉਜੜ ਰਹੀ ਹੈ। ਪੰਜਾਬ ਵਿੱਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਪੰਜਾਬ ਵਿੱਚ ਸਿਹਤ, ਸਿੱਖਿਆ ਤੇ ਬੇਰੋਜ਼ਗਾਰੀ ਦੇ ਵੱਡੇ ਮਸਲੇ ਹਨ। ਜਿੰਨ੍ਹਾਂ ਦਾ ਜ਼ਿਕਰ ਉਹ ਸਮੇਂ-ਸਮੇਂ ਸਿਰ ਕਰਦੇ ਰਹਿਣਗੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਕਾਰਜਕਾਲ ਤਾਂ 5 ਜੁਲਾਈ ਤੋਂ ਸ਼ੁਰੂ ਹੋ ਗਿਆ ਸੀ । ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀ ਵਿਖੇ 2500 ਬੂਟੇ ਸੰਗਤਾਂ ਨੂੰ ਵੰਡਕੇ ਕੀਤੀ। ਪੰਜਾਬ ਵਿੱਚ ਜੰਗਲ ਦਾ ਰਕਬਾ ਨਾਮਾਤਰ ਹੀ ਰਹਿ ਗਿਆ ਹੈ। ਉਹ ਜੰਗਲਾਂ ਹੇਠ ਰਕਬਾ ਵਧਾਉਣ ਲਈ ਮਨਰੇਗਾ ਸਕੀਮ ਤਹਿਤ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਲਾਕ ਪੱਧਰ ‘ਤੇ ਫਲਦਾਰ ਬੂਟਿਆਂ ਦੀ ਨਰਸਰੀਆਂ ਤਿਆਰ ਕਰਨ ਲਈ ਯਤਨਸ਼ੀਲ ਰਹਿਣਗੇ। ਪੰਜਾਬ ਵਿੱਚਲੇ ਮੱਤੇਵਾੜਾ ਦੇ ਜੰਗਲ ਨੂੰ ਬਚਾਇਆ ਜਾਵੇਗਾ। ਜੰਗਲ ਹੇਠ ਰਕਬਾ ਵਧਾਉਣ ਨਾਲ ਬਹੁਤ ਸਾਰੀਆਂ ਵੱਡੀਆਂ ਸਮਸਿਆਵਾਂ ‘ਤੇ ਕਾਬੂ ਪਾਇਆ ਜਾ ਸਕੇਗਾ।

ਸੰਤ ਸੀਚੇਵਾਲ ਨੇ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਨਿੱਘਰ ਚੁੱਕੇ ਵਾਤਾਵਰਨ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਨਗੇ ਕਿਉਂਕਿ ਵਾਤਾਵਰਣ ਦੇ ਨਾਲ ਹੀ ਲਗਭੱਗ ਸਾਰੇ ਮੁੱਦੇ ਜੁੜੇ ਹੋਏ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾਂ ਪਾਣੀ ਹੁਣ ਸਿਰਫ 17 ਸਾਲਾਂ ਦਾ ਹੀ ਬਚਿਆ ਹੈ। ਧਰਤੀ ਦੇ ਤੀਜੇ ਪੱਤਣ ਤੋਂ ਪਾਣੀ ਕੱਢਣ ਸ਼ੁਰੂ ਕੀਤਾ ਹੋਇਆ ਹੈ ਤੇ ਇਹ ਆਖਰੀ ਪੱਤਣ ਹੈ।

ਪੰਜਾਬ ਦੀ ਹਵਾ ਖਰਾਬ ਹੋ ਗਈ ਹੈ।ਪੰਜਾਬ ਦੀ ਧਰਤੀ ‘ਤੇ ਖਾਦਾਂ ਤੇ ਕੀਟਨਾਸ਼ਕ ਦੀ ਹੱਦ ਵੱਧ ਵਰਤੋਂ ਕਰਨ ਨਾਲ ਇਹ ਜ਼ਹਿਰੀ ਹੋ ਗਈ ਹੈ। ਪੰਜਾਬ ਦੇ ਡਾਕਟਰ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਕਣਕ ਨਾ ਖਾਣ ਦੀ ਸਲਾਹ ਦੇ ਰਹੇ ਹਨ ਤੇ ਨਾਲ ਹੀ ਕਹਿ ਦਿੰਦੇ ਹਨ ਦੁੱਧ ਨਹੀਂ ਪੀਣਾ ਹਲਾਤ ਇਹ ਬਣ ਚੁੱਕੇ ਹਨ। ਇਸ ਮੌਕੇ ਉਨ੍ਹਾ ਨਾਲ ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ, ਗੁਰਭੇਜ ਸਿੰਘ, ਦਇਆ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।