ਚੰਡੀਗੜ੍ਹ 27 ਅਗਸਤ 2022: ਸੰਗਰੂਰ ਪੁਲਿਸ (Sangrur Police) ਨੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ 9 ਸਥਾਨਕ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸੰਗਰੂਰ ਮਨਦੀਪ ਸਿੱਧੂ (SSP Sangrur Mandeep Sidhu) ਨੇ ਦੱਸਿਆ ਕਿ ਪੱਤਰਕਾਰੀ ਦੀ ਆੜ ਵਿੱਚ ਉਕਤ 9 ਪੱਤਰਕਾਰ ਕਿਸੇ ਵੀ ਮਾਮੂਲੀ ਵਾਰਦਾਤ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਸਨ ਅਤੇ ਫਿਰ ਉਕਤ ਪੱਤਰਕਾਰ ਥਾਣਿਆਂ ਵਿੱਚ ਪਹੁੰਚ ਕੇ ਹੇਠਲੇ ਪੱਧਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਸਨ।
ਸੰਗਰੂਰ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਪੱਤਰਕਾਰਾਂ ਵਿੱਚ ਕੁਲਦੀਪ ਸੱਗੂ,ਸ਼ੰਮੀ,ਉਪਵਿੰਦਰ ਐਸ ਤਨੇਜਾ, ਰਵਿੰਦਰ ਰਵੀ ਟਿੱਬਾ,ਅਬਦੁਲ ਗੱਫਾਰ,ਬਲਦੇਵ ਸਿੰਘ ਜਨੂਹਾ ਸ਼ਾਮਲ ਹਨ।
ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਪੱਤਰਕਾਰਾਂ ਵੱਲੋਂ ਪੁਲਿਸ ਦੇ ਹੀ ਕੁੱਝ ਅਧਿਕਾਰੀਆਂ ਅਤੇ ਸਬੰਧਤ ਵਿਰੋਧੀ ਧਿਰਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦੇ ਇੱਕੋ ਇੱਕ ਮਕਸਦ ਨਾਲ ਆਪਣੀ ਮਰਜ਼ੀ ਦੀਆਂ ਖ਼ਬਰਾਂ ਕਰਦੇ ਸਨ।
ਉਕਤ 9 ਪੱਤਰਕਾਰਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਜਾਅਲੀ ਪੀਲੇ ਅਤੇ ਮੀਡੀਆ ਕਾਰਡਾਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਨੂੰ ਫੜੇ ਪਤਰਕਾਰਾਂ ਦੀਆਂ “ਨਾਪਾਕ” ਗਤੀਵਿਧੀਆਂ ਬਾਰੇ ਆਮ ਲੋਕਾਂ ਤੋਂ ਲਗਾਤਾਰ ਫੋਨ ਆ ਰਹੇ ਸਨ।
ਐਸਐਸਪੀ ਸੰਗਰੂਰ ਨੇ ਦਾਅਵਾ ਕੀਤਾ ਕਿ ਕਿਸੇ ਲਾਪਰਵਾਹੀ ਲਈ ਕਾਰਵਾਈ ਦੇ ਡਰ ਕਾਰਨ ਹੇਠਲੇ ਦਰਜੇ ਦੇ ਪੁਲਿਸ ਅਧਿਕਾਰੀ ਵੀ ਉਕਤ ਪੱਤਰਕਾਰਾਂ ਦਾ ਸ਼ਿਕਾਰ ਹੋਏ ਹਨ। ਇੱਥੋਂ ਤੱਕ ਕਿ ਦੂਜੇ ਵਿਭਾਗਾਂ ਦੇ ਕੁਝ ‘ਭ੍ਰਿਸ਼ਟ’ ਅਧਿਕਾਰੀ ਵੀ ਉਨ੍ਹਾਂ ਦੇ ਰੁਟੀਨ/ਮਹੀਨਾਵਾਰ ਵਸੂਲੀ ਦਾ ਸ਼ਿਕਾਰ ਹੋ ਰਹੇ ਸਨ।