June 28, 2024 4:14 pm
Sri Harmandir Sahib

ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ

ਅੰਮ੍ਰਿਤਸਰ 16 ਦਸੰਬਰ : ਉਤਰੀ ਭਾਰਤ ‘ਚ ਠੰਡ ਨੇ ਇਕਦਮ ਜ਼ੋਰ ਫੜ ਲਿਆ ਹੈ ਤੇ ਮੈਦਾਨੀ ਇਲਾਕਿਆਂ ‘ਚ ਸਭ ਤੋਂ ਵੱਧ ਠੰਡੇ ਮੰਨੇ ਜਾਂਦੇ ਅੰਮ੍ਰਿਤਸਰ ‘ਚ ਇਸ ਠੰਡ ਦਾ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ, ਇਸ ਠੰਡ ਦੇ ਕਹਿਰ ‘ਚ ਸੰਘਣੀ ਧੁੰਦ ਆਉਣ ਨਾਲ ਸੜਕਾਂ ‘ਤੇ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਵ੍ਹੀਕਲਾਂ ਦੇ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪਿਆ ਹੈ। ਇਸ ਠੰਡ ਦਾ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸ਼ਰਧਾ ਤੇ ਉਤਸ਼ਾਹ ‘ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੇ ਵੱਖੋ -ਵੱਖ ਦੇਸ਼ਾਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਇਸ ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਅਤੇ ਆਵਾਜਾਈ ਘੱਟ ਗਈ ਅਤੇ ਰੇਲ ਗੱਡੀਆਂ ਦੀ ਰਫਤਾਰ ਵੀ ਹੋਲੀ ਹੋ ਗਈ ਹੈ ਅਤੇ ਇਸ ਸੰਘਣੀ ਧੁੰਦ ਕਾਰਨ ਰੇਲਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ।

ਇਸ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਅੱਗ ਅਤੇ ਬਿਜਲੀ ਦੇ ਹੀਟਰਾਂ ਦਾ ਸਹਾਰਾ ਲੈ ਰਹੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸ਼ਰਧਾਲੂ  ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ ਕਿ ਇਨ੍ਹੀ ਠੰਡ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ (shri Guru Ram Dass ji) ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਜਦੋਂ ਪਰਕਰਮਾਂ ‘ਚ ਪਹੁੰਚੇ ਤਾਂ ਅੰਦਰੋਂ ਗੋਲਡਨ ਟੈਂਪਲ ਨੂੰ ਇਕਦਮ ਧੁੰਦ ਦੀ ਚਾਦਰ ਨੇ ਢਕਿਆ ਹੋਇਆ ਸੀ ਪਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿਚ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ।