Site icon TheUnmute.com

ਅਮਰੀਕੀ ਦੂਤਾਵਾਸ ਦੇ ਨੇਪਾਲ ਦੇ ਸੰਦੀਪ ਲਾਮਿਛਨੇ ਨੂੰ ਨਹੀਂ ਦਿੱਤਾ ਵੀਜ਼ਾ, ਖਿਡਾਰੀ ਨੇ ਟਵੀਟ ਕਰ ਕੱਢੀ ਭੜਾਸ

Sandeep Lamichhane

ਚੰਡੀਗੜ੍ਹ, 22 ਮਈ 2024: ਨੇਪਾਲ ਸਥਿਤ ਅਮਰੀਕੀ ਦੂਤਾਵਾਸ ਨੇ ਸੰਦੀਪ ਲਾਮਿਛਨੇ (Sandeep Lamichhane) ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਲਾਮਿਛਨੇ ਨੂੰ ਹਾਲ ਹੀ ਵਿੱਚ ਹਾਈ ਕੋਰਟ ਨੇ ਬਲਾਤਕਾਰ ਦੇ ਇੱਕ ਕੇਸ ਵਿੱਚ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੇ ਆਉਣ ਵਾਲੇ ਟੀ-20 ਵਿਸ਼ਵ ਕੱਪ ‘ਚ ਖੇਡਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ ਹੁਣ ਵੀਜ਼ਾ ਰੱਦ ਹੋਣ ਕਾਰਨ ਉਹ ਵੈਸਟਇੰਡੀਜ਼ ਅਤੇ ਅਮਰੀਕਾ ਨਹੀਂ ਜਾ ਸਕੇਗਾ। ਟੀ-20 ਵਿਸ਼ਵ ਕੱਪ 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਲਾਮਿਛਾਨੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸੰਦੀਪ (Sandeep Lamichhane) ਨੇ ਟਵਿੱਟਰ ‘ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ – ਅਮਰੀਕੀ ਦੂਤਾਵਾਸ ਨੇ ਓਹੀ ਕੀਤਾ ਜੋ 2019 ਵਿੱਚ ਮੇਰੇ ਨਾਲ ਕੀਤਾ ਸੀ। ਉਨ੍ਹਾਂ ਨੇ ਮੈਨੂੰ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਮੰਦਭਾਗਾ ਹੈ ਅਤੇ ਮੈਂ ਉਨ੍ਹਾਂ ਸ਼ੁਭਚਿੰਤਕਾਂ ਅਤੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ ਜੋ ਨੇਪਾਲ ਕ੍ਰਿਕਟ ਦੀ ਭਲਾਈ ਚਾਹੁੰਦੇ ਹਨ। ਇਸ ਦੇ ਨਾਲ ਉਸ ਨੇ ਨੇਪਾਲ ਕ੍ਰਿਕਟ ਸੰਘ (CAN) ਨੂੰ ਵੀ ਟੈਗ ਕੀਤਾ ਹੈ।

ਨੇਪਾਲ ਦੀ ਪਾਟਨ ਹਾਈ ਕੋਰਟ ਨੇ 15 ਮਈ ਨੂੰ ਲਾਮਿਛਨੇ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ‘ਚ ਆਪਣਾ ਅੰਤਿਮ ਫੈਸਲਾ ਸੁਣਾਇਆ ਸੀ। ਅਦਾਲਤ ਨੇ ਕਿਹਾ ਸੀ ਕਿ ਸੰਦੀਪ ਬੇਕਸੂਰ ਹੈ। ਅਦਾਲਤ ਨੇ ਕਾਠਮੰਡੂ ਜ਼ਿਲ੍ਹਾ ਅਦਾਲਤ ਵੱਲੋਂ ਦਿੱਤੀ ਸਜ਼ਾ ਅਤੇ ਜੁਰਮਾਨੇ ਦੇ ਫੈਸਲੇ ਨੂੰ ਪਲਟ ਦਿੱਤਾ ਸੀ ।

ਦਰਅਸਲ, ਇਸ ਤੋਂ ਪਹਿਲਾਂ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਸੰਦੀਪ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਸੀ ਅਤੇ ਉਸ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪਿਛਲੇ ਸਾਲ 13 ਦਸੰਬਰ ਨੂੰ ਅਦਾਲਤ ਨੇ ਉਸ ਨੂੰ ਜ਼ਬਰਦਸਤੀ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਸੀ।

 

Exit mobile version