Child Development Department of Punjab

ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਸਖੀ ਵਨ ਸਟਾਪ ਸੈਂਟਰ: ਡਾ ਬਲਜੀਤ ਕੌਰ

ਚੰਡੀਗੜ੍ਹ 10 ਸਤੰਬਰ 2022: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਵਿਭਾਗ ਵਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ ਸੈਂਟਰ (Sakhi One Stop Center) ਇਕ ਬਿਹਤਰੀਨ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਖੀ ਵਨ ਸਟਾਪ ਸੈਂਟਰ (Sakhi One Stop Center) ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਹੁਣ ਤੱਕ ਸੂਬੇ ਦੇ ਸੈਂਟਰਾਂ ਵਿਚ 10096 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ, ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕੱਠੀਆਂ ਸੇਵਾਵਾਂ ਇਕ ਛੱਤ ਹੇਠ ਮੁਹੱਈਆ ਕਰਦਾ ਹੈ।

ਇਨ੍ਹਾਂ ਸੇਵਾਵਾਂ ਵਿਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਕਾਉਂਸਲਿੰਗ ਤੇ ਅਸਥਾਈ ਰਿਹਾਇਸ਼ ਆਦਿ ਦੀ ਸਹਾਇਤਾ ਜਿਹੀਆਂ ਸੇਵਾਵਾਂ ਸ਼ਾਮਿਲ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਇਹਨਾ ਸੈਂਟਰਾਂ ਵਿੱਚ 1503 ਔਰਤਾਂ ਨੂੰ ਮੈਡੀਕਲ ਸਹਾਇਤਾ ਅਤੇ 7986 ਨੂੰ ਕਾਉਂਸਲਿੰਗ, 5358 ਨੂੰ ਕਾਨੂੰਨੀ ਸਹਾਇਤਾ, 1020 ਨੂੰ ਅਸਥਾਈ ਸ਼ੈਲਟਰ ਦੀ ਸਹੂਲਤ ਤੇ 2988 ਨੂੰ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤਕ 10096 ਕੇਸਾਂ ਵਿਚ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਸੈਂਟਰ ਵਿਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਚੱਲ ਰਹੇ ਹਨ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਜ਼ਿਲ੍ਹਾ ਦਫ਼ਤਰਾਂ ਦੇ ਫੋਨ ਨੰਬਰ ’ਤੇ ਸੰਪਰਕ ਕਰ ਸਕਦੀ ਹੈ। ਇਸ ਤੋਂ ਇਲਾਵਾ ਹਿੰਸਾ ਨਾਲ ਪੀੜਤ ਔਰਤਾਂ ਜਾਂ ਲੜਕੀਆਂ ਫੌਰੀ ਤੌਰ ’ਤੇ ਸਹਾਇਤਾ ਲੈਣ ਲਈ 181 ’ਤੇ ਸੰਪਰਕ ਕਰ ਸਕਦੀਆਂ ਹਨ।

Scroll to Top