Site icon TheUnmute.com

ਮੁੱਖ ਮੰਤਰੀ ਦਾ ਸਾਹਮਣਾ ਕਰਨ ਤੋਂ ਖੌਫਜ਼ਦਾ ਹੋ ਕੇ ਬਹਿਸ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਿਹੈ ਅਕਾਲੀ ਦਲ: ਆਪ

IAS officer Parampal Kaur

ਚੰਡੀਗੜ੍ਹ, 30 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਹਮਣਾ ਕਰਨ ਤੋਂ ਬੁਰੀ ਤਰ੍ਹਾਂ ਘਬਰਾਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਇੱਕ ਨਵੰਬਰ ਨੂੰ ਹੋਣ ਵਾਲੀ ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਘਟੀਆ ਹੱਥਕੰਡੇ ਅਪਣਾ ਰਿਹਾ ਹੈ।

ਬੀਤੇ ਦਿਨ ਇੱਥੇ ਇੱਕ ਬਿਆਨ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਇੱਕ ਨਵੰਬਰ ਨੂੰ ਸੂਬੇ ਨਾਲ ਜੁੜੇ ਹਰੇਕ ਮਸਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਦੋਗਲਾ ਚਿਹਰਾ ਬੇਨਕਾਬ ਕਰਨਗੇ, ਜਿਸ ਕਰਕੇ ਅਕਾਲੀ ਲੀਡਰਸ਼ਿਪ ਨੂੰ ਇਸ ਬਹਿਸ ਵਿੱਚ ਆਪਣੀ ਹਾਜ਼ਰੀ ਜ਼ਰੂਰ ਯਕੀਨੀ ਬਣਾਉਣੀ ਚਾਹੀਦੀ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਬਹਿਸ ਸਾਲ 1966 ਤੋਂ ਲੈ ਕੇ ਸੂਬੇ ਨਾਲ ਜੁੜੇ ਸਾਰੇ ਮਸਲਿਆਂ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ ਜਿਸ ਵਿੱਚ ਪਾਣੀ ਨਾਲ ਜੁੜੇ ਮਸਲੇ, ਵਿੱਤ ਅਤੇ ਨਸ਼ਿਆਂ ਸਮੇਤ ਹਰੇਕ ਮਸਲਾ ਬਹਿਸ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਇਸ ਬਹਿਸ ਵਿੱਚ ਸ਼ਾਮਲ ਹੋਣ ਦੀ ਸ਼ਾਹਦੀ ਭਰਨ ਦੀ ਬਜਾਏ ਅਕਾਲੀ ਲੀਡਰਸ਼ਿਪ ਇਸ ਬਹਿਸ ਤੋਂ ਭੱਜਣ ਲਈ ਬੇਤੁੱਕੇ ਬਹਾਨੇ ਘੜ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਇਹ ਬਹਿਸ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ, ਇਸ ਆਧਾਰ ‘ਤੇ ਕੇਂਦਰਿਤ ਹੋਵੇਗੀ। ਇਸ ਵਿੱਚ ਕੁਨਬਾਪ੍ਰਸਤੀ (ਭਾਈ-ਭਤੀਜਵਾਦ, ਜੀਜਾ-ਸਾਲਾ), ਪੱਖਪਾਤ, ਟੋਲ ਪਲਾਜ਼ੇ, ਯੂਥ, ਖੇਤਾਬਾੜੀ, ਵਪਾਰੀ, ਦੁਕਾਨਦਾਰ, ਬੇਅਦਬੀ, ਦਰਿਆਈ ਪਾਣੀ ਅਤੇ ਹੋਰ ਮਸਲੇ ਸਬੰਧਤ ਹਨ।

ਬੁਲਾਰੇ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਦ੍ਰਿੜ ਵਚਨਬੱਧ ਹੈ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਤੁਪਕਾ ਵੀ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਆਗਿਆ ਨਹੀਂ ਦੇਵੇਗੀ ਅਤੇ ਇਸ ਬਾਰੇ ਸੁਪਰੀਮ ਕੋਰਟ ਸਮੇਤ ਹਰੇਕ ਮੰਚ ’ਤੇ ਸਾਫ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਈ ਵਾਰ ਆਪਣਾ ਸਟੈਂਡ ਬਿਲਕੁਲ ਸਾਫ ਕਰ ਚੁੱਕੇ ਹਨ, ਪਰ ਅਕਾਲੀ ਲੀਡਰਸ਼ਿਪ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਅੱਕੀ ਪਲਾਹੀਂ ਹੱਥ ਮਾਰ ਰਹੀ ਹੈ।

ਬੁਲਾਰੇ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਇਨ੍ਹਾਂ ਸਾਰੇ ਮਸਲਿਆਂ ‘ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਜਿਸ ਕਰਕੇ ਇਹ ਲੋਕ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਸੂਬੇ ਨਾਲ ਹੋਏ ਧੱਕੇ ਦੀ ਜਿੰਮੇਵਾਰ ਹੈ ਅਤੇ ਪੰਜਾਬ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਇਤਿਹਾਸ ਕਦੀ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਨਵੰਬਰ ਨੂੰ ਹੋਣ ਵਾਲੀ ਬਹਿਸ ਇਸ ਗੱਲ ਦਾ ਨਿਤਾਰਾ ਕਰ ਦੇਵੇਗੀ ਕਿ ਕੁਰਬਾਨੀਆਂ ਦੀ ਆੜ ਵਿੱਚ ਉਨ੍ਹਾਂ ਨਾਲ ਕਿਵੇਂ ਚਿੱਟੇ ਦਿਨ ਧੋਖਾ ਕੀਤਾ ਗਿਆ ਜਦਕਿ ਅਕਾਲੀ ਲੀਡਰ ਪੰਜਾਬ ਨਾਲ ਧ੍ਰੋਹ ਕਮਾ ਕੇ ਆਪਣੇ ਨਿੱਜੀ ਹਿੱਤ ਪੂਰਦੇ ਰਹੇ।

Exit mobile version