July 7, 2024 2:06 pm
Nawanshahr

ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ: ਆਈਜੀਐਸਪੀ ਪਰਮਾਰ

ਨਵਾਂਸ਼ਹਿਰ 21 ਅਕਤੂਬਰ 2022 (ਪ੍ਰਮੋਦ ਭਾਰਤੀ): ਨਵਾਂਸ਼ਹਿਰ ਦੇ ਆਈ.ਟੀ.ਆਈ ਗਰਾਊਂਡ ਵਿਖੇ ਸ਼ੁੱਕਰਵਾਰ ਸਵੇਰੇ ਹੋਈ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਪਰੇਡ ਮੌਕੇ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਸੂਬੇ ਦੀ ਸ਼ਾਂਤੀ ਬਹਾਲੀ ਲਈ ਕੀਤੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਹੀ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਨਹੀਂ ਵਾਰੀਆਂ ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਵੀ ਕੀਤੀ।
ਆਈ ਜੀ ਪਰਮਾਰ ਨੇ ਕਿਹਾ, ‘‘ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਹਰ ਸਾਲ ਡਿਊਟੀ ਦੌਰਾਨ ਦਿੱਤੀਆਂ ਜਾਂਦੀਆਂ ਬੇਮਿਸਾਲ ਕੁਰਬਾਨੀਆਂ ਦਾ ਇਹ ਸਿਲਸਿਲਾ ਜਾਰੀ ਹੈ। ਇਸ ਸਾਲ, ਸਾਡੇ 261 ਅਰਧ ਸੈਨਿਕ ਬਲਾਂ ਤੇ ਪੁਲਿਸ ਜੁਆਨਾਂ ਤੇ ਅਧਿਕਾਰੀਆਂ ਨੇ ਸ਼ਹਾਦਤਾਂ ਦਿੱਤੀਆਂ, ਇਸੇ ਲਈ ਅਸੀਂ ਇਸ ਦਿਨ ਉਨ੍ਹਾਂ ਸਾਰਿਆਂ ਨੂੰ ਸਾਂਝੇ ਤੌਰ ’ਤੇ ਯਾਦ ਕਰਦੇ ਹਾਂ।

ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 27 ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੇ ਅੱਤਵਾਦ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਨਿਛਾਵਰ ਕਰਕੇ ਸੂਬੇ ਵਿੱਚ ਅਮਨ-ਸ਼ਾਂਤੀ, ਸਦਭਾਵਨਾ ਤੇ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਆਪਣਾ ਯੋਗਦਾਨ ਪਾਇਆ ਸੀ, ਜਿਸ ਦੌਰਾਨ ਪੰਜਾਬ ਨੇ ਇੱਕ ਵੱਡੀ ਜਾਨ ਗੁਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕੁੱਲ 1790 ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਦੇਸ਼ ਵਿਰੋਧੀ ਤਾਕਤਾਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ।

ਉਨ੍ਹਾਂ ਕਿਹਾ ਕਿ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਹ ਭਰੋਸਾ ਦਿਵਾਉਣ ਲਈ ਮਨਾਇਆ ਜਾਂਦਾ ਹੈ ਕਿ ਪੁਲਿਸ ਵਿਭਾਗ ਅਤੇ ਸਮਾਜ ਪੁਲਿਸ ਦੀਆਂ ਕੁਰਬਾਨੀਆਂ ਦਾ ਹਮੇਸ਼ਾਂ ਰਿਣੀ ਰਹੇਗਾ ਅਤੇ ਪਰਿਵਾਰਾਂ ਨਾਲ ਖੜ੍ਹੇਗਾ। ਆਈ ਜੀ ਨੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਸਮੇਤ ਪੁਲਿਸ ਸ਼ਹੀਦਾਂ ਦੇ ਆਸ਼ਰਿਤਾਂ ਦੀਆਂ ਮੁਸ਼ਕਿਲਾਂ ਨੂੰ ਹਮਦਰਦੀ ਨਾਲ ਸੁਣਿਆ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਪਰੇਡ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ 21 ਅਕਤੂਬਰ 1959 ਨੂੰ ਹਾਟ ਸਪਿ੍ਰੰਗਜ਼ (ਲਦਾਖ) ਵਿਖੇ ਚੀਨੀ ਫੌਜ ਦੁਆਰਾ ਘਾਤ ਲਾ ਕੇ ਕੀਤੇ ਗਏ ਹਮਲੇ ਦੌਰਾਨ ਸ਼ਹੀਦੀ ਪ੍ਰਾਪਤ ਵਾਲੇ ਸੀ.ਆਰ.ਪੀ.ਐਫ ਜਵਾਨਾਂ ਅਤੇ ਉਸ ਤੋਂ ਬਾਅਦ ਇਸ ਦਿਨ ਦਿਨ ਨੂੰ ਸਮੱੁਚੇ ਦੇਸ਼ ’ਚ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਅਰਧ-ਸੈਨਿਕ ਬਲਾਂ ਅਤੇ ਪੁਲਿਸ ਬਲਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮਨਾਇਆ ਜਾਂਦਾ ਹੈ।

ਡੀ ਐਸ ਪੀ ਮਾਧਵੀ ਸ਼ਰਮਾ ਨੇ ਪੁਲੀਸ ਅਤੇ ਨੀਮ ਸੁਰੱਖਿਆ ਬਲਾਂ ਦੇ 261 ਅਧਿਕਾਰੀਆਂ ਅਤੇ ਜਵਾਨਾਂ ਦੀ ਸੂਚੀ ਪੜ੍ਹ ਕੇ ਸੁਣਾਈ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਡੀ ਐਸ ਪੀ ਅਰਸ਼ਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸੋਗ ਸਲਾਮੀ ਦਿੱਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਰੁਨੇਸ਼ ਕੁਮਾਰ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਗਬੀਰ ਸਿੰਘ ਮਹਿੰਦੀਰੱਤਾ, ਏ.ਡੀ.ਸੀ (ਡੀ) ਅਮਰਦੀਪ ਸਿੰਘ ਬੈਂਸ ਅਤੇ ਜ਼ਿਲ੍ਹਾ ਅਟਾਰਨੀ ਸਤਨਾਮ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਤਵੰਤਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸੇਵਾਮੁਕਤ ਪੁਲਿਸ ਅਧਿਕਾਰੀਆਂ, ਜਵਾਨਾਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਫੁੱਲ ਮਾਲਾਵਾਂ ਅਤੇ ਫੁੱਲ ਪੱਤੀਆਂ ਭੇਟ ਕਰਕੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਸਖਸ਼ੀਅਤਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਇਨ੍ਹਾਂ ’ਚ ਸ਼ਹੀਦ ਇੰਸਪੈਕਟਰ ਹਰਜੀਤ ਸਿੰਘ, ਐਸ.ਆਈ ਪ੍ਰੇਮ ਚੰਦ, ਐਸ.ਆਈ ਹਰਦਿਆਲ ਸਿੰਘ, ਐਸ.ਆਈ ਗਿਆਨ ਚੰਦ, ਏ.ਐਸ.ਆਈ ਪ੍ਰਕਾਸ਼ ਚੰਦ, ਏ.ਐਸ.ਆਈ ਰਾਮ ਸਰੂਪ, ਏ.ਐਸ.ਆਈ ਅਵਤਾਰ ਸਿੰਘ, ਮੁੱਖ ਸਿਪਾਹੀ ਪਰਵੀਨ, ਮੁੱਖ ਸਿਪਾਹੀ ਬਲਦੇਵ ਸਿੰਘ, ਮੁੱਖ ਸਿਪਾਹੀ ਰਾਮ ਜੀ ਦਾਸ, ਮੁੱਖ ਸਿਪਾਹੀ ਜਸਪਾਲ ਸਿੰਘ, ਮੁੱਖ ਸਿਪਾਹੀ ਕਰਮ ਚੰਦ, ਐਚ.ਸੀ ਪਰਵੀਨ ਕੁਮਾਰ, ਐਚ.ਸੀ ਬਲਦੇਵ ਸਿੰਘ, ਕਾਂਸਟੇਬਲ ਜਸਪਾਲ ਸਿੰਘ, ਸੀ-2 ਹੁਸਨ ਲਾਲ, ਸਿਪਾਹੀ ਰੌਸ਼ਨ ਲਾਲ, ਸਿਪਾਹੀ ਪਰਮਜੀਤ ਸਿੰਘ, ਸਿਪਾਹੀ ਜਸਵੀਰ ਰਾਮ, ਸਿਪਾਹੀ ਕੇਵਲ ਕਿ੍ਰਸ਼ਨ, ਸਿਪਾਹੀ ਸਦਾ ਰਾਮ, ਸਿਪਾਹੀ ਕੇਵਲ ਸਿੰਘ, ਸਿਪਾਹੀ ਗੁਰਦਾਵਰ ਰਾਮ, ਸਿਪਾਹੀ ਜਗਦੀਸ਼ ਸਿੰਘ, ਪੰਜਾਬ ਹੋਮਗਾਰਡ ਜਵਾਨ ਅਜੀਤ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ, ਸੋਮ ਨਾਥ ਅਤੇ ਐਸ ਪੀ ਓ ਅਮਰਜੀਤ ਸਿੰਘ ਤੇ ਦਿਲਬਾਗ਼ ਸਿੰਘ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਸਨ।

ਇਸ ਮੌਕੇ ਹਾਜ਼ਰ ਪੁਲੀਸ ਅਧਿਕਾਰੀਆਂ ਵਿੱਚ ਐਸ ਪੀਜ਼ ਗੁਰਮੀਤ ਕੌਰ, ਇਕਬਾਲ ਸਿੰਘ ਅਤੇ ਡਾ. ਮੁਕੇਸ਼ ਤੋਂ ਇਲਾਵਾ ਡੀ ਐਸ ਪੀਜ਼ ਰਣਜੀਤ ਸਿੰਘ ਬਦੇਸ਼ਾ, ਦਵਿੰਦਰ ਸਿੰਘ, ਸਰਵਣ ਸਿੰਘ ਬੱਲ, ਅਮਰ ਨਾਥ, ਸੁਰਿੰਦਰ ਚੰਦ, ਸ਼ਾਹਬਾਜ਼ ਸਿੰਘ ਅਤੇ ਦੀਦਾਰ ਸਿੰਘ (ਸੀ ਆਈ ਡੀ) ਸ਼ਾਮਲ ਸਨ। ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ’ਚ ਸੇਵਾ ਮੁਕਤ ਕਮਾਂਡੈਂਟ ਰਾਮਜੀ ਲਾਲ, ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਤੇ ਹੋਰ ਅਹੁਦੇਦਾਰ ਮੌਜੂਦ ਸਨ।