Site icon TheUnmute.com

ਸੂਡਾਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਸਿੱਧਰਮਈਆ ‘ਤੇ ਵਰ੍ਹੇ ਐੱਸ. ਜੈਸ਼ੰਕਰ, ਕਿਹਾ- ਲੋਕ ਦੀ ਜਾਨ ਦਾਅ ‘ਤੇ ਹੈ ਰਾਜਨੀਤੀ ਨਾ ਕਰੋ

Sudan

ਚੰਡੀਗੜ੍ਹ,18 ਅਪ੍ਰੈਲ 2023: ਸੂਡਾਨ (Sudan) ‘ਚ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਵਿਚਾਲੇ ਚੱਲ ਰਹੀ ਹਿੰਸਕ ਝੜੱਪ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਹ ਝੜੱਪ ਲਗਾਤਾਰ ਚੌਥੇ ਦਿਨ ਵੀ ਜਾਰੀ ਰਹੀ। ਝੜੱਪਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 185 ਹੋ ਗਈ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਕਰਨਾਟਕ ਦੇ ਕਰੀਬ 31 ਜਣੇ ਸੂਡਾਨ ਦੇ ਅਲ ਫਸ਼ੇਰ ਵਿਖੇ ਫਸੇ ਹੋਏ ਹਨ। ਜਿਸ ਕਾਰਨ ਇੱਥੇ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਦੇ ਟਵੀਟ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇਤਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਉੱਥੇ ਲੋਕਾਂ ਦੀ ਜਾਨ ਦਾਅ ‘ਤੇ ਹੈ। ਇੱਥੇ ਰਾਜਨੀਤੀ ਨਾ ਕਰੋ।

ਸੂਡਾਨ (Sudan) ‘ਚ ਚੱਲ ਰਹੀ ਝੜੱਪ ਦੇ ਵਿਚਕਾਰ ਕਾਂਗਰਸ ਨੇਤਾ ਸਿਧਾਰਮਈਆ ਨੇ ਉੱਥੇ ਫਸੇ ਭਾਰਤੀਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਖ਼ਬਰ ਹੈ ਕਿ ਹੱਕੀ-ਪੱਕੀ ਕਬੀਲੇ ਦੇ 31 ਆਦਿਵਾਸੀ, ਜੋ ਕਰਨਾਟਕ ਦੇ ਵਸਨੀਕ ਹਨ, ਘਰੇਲੂ ਯੁੱਧ ਪ੍ਰਭਾਵਿਤ ਸੂਡਾਨ ਵਿੱਚ ਫਸੇ ਹੋਏ ਹਨ। ਟਵੀਟ ਵਿੱਚ ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।

ਕਾਂਗਰਸ ਨੇਤਾ ਦੇ ਬਿਆਨ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਡੇ ਟਵੀਟ ਤੋਂ ਹੈਰਾਨ ਹਾਂ! ਤੁਸੀਂ ਸਿਰਫ ਟਵੀਟ ਕਰਕੇ ਅਪੀਲ ਕੀਤੀ ਹੈ। ਉੱਥੇ ਜਾਨਾਂ ਦਾਅ ‘ਤੇ ਲੱਗੀਆਂ ਹੋਈਆਂ ਹਨ। ਇਸ ਲਈ ਇਸ ਮਾਮਲੇ ‘ਤੇ ਰਾਜਨੀਤੀ ਨਾ ਕਰੋ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਲੋਕਾਂ ਦੇ ਟਿਕਾਣੇ ਅਤੇ ਵੇਰਵੇ ਜਨਤਕ ਨਹੀਂ ਕੀਤੇ ਜਾ ਸਕਦੇ ਹਨ। ਇਸ ਸਬੰਧੀ ਦੂਤਾਵਾਸ ਲਗਾਤਾਰ ਮੰਤਰਾਲੇ ਨਾਲ ਸੰਪਰਕ ਵਿੱਚ ਹੈ।

Exit mobile version