ਚੰਡੀਗੜ੍ਹ 19 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ‘ਚ ਸੋਮਵਾਰ ਨੂੰ ਹੋਏ ਹਮਲੇ ਵਿਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ, ਜੋ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏ.ਡੀ.ਐਨ.ਓ.ਸੀ.) ਦੇ ਕਰਮਚਾਰੀ ਸਨ, ਮਾਰੇ ਗਏ ਸਨ। ਹਮਲੇ ਵਿਚ 6 ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਯਮਨ ਦੇ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਸੰਯੁਕਤ ਅਰਬ ਅਮੀਰਾਤ (UAE) ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਨੇ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (S.Jaishankar) ਨੂੰ ਫੋਨ ਕਰਕੇ ਖਾੜੀ ਦੇਸ਼ ‘ਚ ਹੋਏ ਅੱਤਵਾਦੀ ਹਮਲੇ ਵਿਚ ਭਾਰਤੀਆਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ ਵਿਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਅੰਤਰਰਾਸ਼ਟਰੀ ਮੰਚ ’ਤੇ ਇਸ ਮੁੱਦੇ ’ਤੇ ਖਾੜੀ ਦੇਸ਼ ਦਾ ਸਮਰਥਨ ਕਰੇਗਾ।
ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਫੋਨ ’ਤੇ ਗੱਲਬਾਤ ਦੌਰਾਨ ਜੈਸ਼ੰਕਰ ਅਤੇ ਅਲ ਨਾਹਯਾਨ ਨੇ ਯੂ.ਏ.ਈ. ਵਿਚ ਹੋਏ ਅੱਤਵਾਦੀ ਹਮਲੇ ’ਤੇ ਚਰਚਾ ਕੀਤੀ। ਬਿਆਨ ਮੁਤਾਬਕ ਅਲ ਨਾਹਯਾਨ ਨੇ ਜੈਸ਼ੰਕਰ (Jaishankar) ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਕ ਟਵੀਟ ਵਿਚ ਜੈਸ਼ੰਕਰ ਨੇ ਕਿਹਾ, ‘ਯੂ.ਏ.ਈ. ਦੇ ਵਿਦੇਸ਼ ਮੰਤਰੀ ਨੇ ਫ਼ੋਨ ’ਤੇ ਗੱਲ ਕੀਤੀ। ਉਨ੍ਹਾਂ ਨੇ ਸੋਮਵਾਰ ਨੂੰ ਯੂ.ਏ.ਈ. ਵਿਚ ਹੋਏ ਅੱਤਵਾਦੀ ਹਮਲੇ ਵਿਚ ਭਾਰਤੀ ਲੋਕਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕੀਤਾ।’ ਉਨ੍ਹਾਂ ਕਿਹਾ, ‘ਅਜਿਹੀਆਂਂ ਅਸਵੀਕਾਰਨਯੋਗ ਕਾਰਵਾਈਆਂ ਦੇ ਮੱਦੇਨਜ਼ਰ ਸੰਯੁਕਤ ਅਰਬ ਅਮੀਰਾਤ ਦੇ ਨਾਲ ਮਜ਼ਬੂਤ ਏਕਤਾ ਜ਼ਾਹਰ ਕੀਤੀ। ਸਾਡਾ ਦੂਤਘਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨ ਲਈ ਯੂ.ਏ.ਈ. ਦੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।’
ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਹਵਾਈ ਅੱਡੇ ਨੇੜੇ ਸੋਮਵਾਰ ਨੂੰ ਸ਼ੱਕੀ ਡਰੋਨ ਹਮਲਿਆਂ ਵਿਚ ਮਾਰੇ ਗਏ 2 ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਗਈ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਮਲਿਆਂ ਵਿਚ ਜ਼ਖ਼ਮੀ ਹੋਏ 6 ਵਿਚੋਂਂ 2 ਭਾਰਤੀ ਹਨ ਅਤੇ ਦੋਵਾਂ ਨੂੰ ਸੋਮਵਾਰ ਰਾਤ ਨੂੰ ਡਾਕਟਰੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਇਹ ਧਮਾਕੇ ‘ਛੋਟੀਆਂ ਉੱਡਣ ਵਾਲੀਆਂਂ ਵਸਤੂਆਂ’, ਸੰਭਾਵਤ ਤੌਰ ’ਤੇ ਡਰੋਨ ਕਾਰਨ ਹੋਏ, ਜਿਨ੍ਹਾਂ ਨੇ ਅਬੂ ਧਾਬੀ ਵਿਚ ਤਿੰਨ ਪੈਟਰੋਲੀਅਮ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਸੀ।