ਚੰਡੀਗੜ੍ਹ 04 ਅਪ੍ਰੈਲ 2022: (Russia-Ukraine War) ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਕਾਫੀ ਸਮਾਂ ਹੋ ਗਿਆ ਹੈ | ਪਰ ਇਹ ਜੰਗ ਖ਼ਤਮ ਹੋਣ ਦੀ ਬਜਾਏ ਹੋਰ ਵੱਧਦੀ ਜਾ ਰਹੀ ਹੈ। ਰੂਸ 9 ਮਈ ਨੂੰ ਜਿੱਤ ਦਿਵਸ ਵਜੋਂ ਮਨਾਉਂਦਾ ਹੈ। ਸੂਤਰਾਂ ਦੇ ਮੁਤਾਬਕ ਇਸ ਦਿਨ ਰੂਸ ਕੋਈ ਵੱਡਾ ਐਲਾਨ ਕਰ ਸਕਦਾ ਹੈ। ਇਨ੍ਹਾਂ ਸਾਰੇ ਖਦਸ਼ਿਆਂ ਦੇ ਮੱਦੇਨਜ਼ਰ ਰੂਸ ਨੇ ਯੂਕਰੇਨ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਰੂਸ ਦੇ ਰੱਖਿਆ ਮੰਤਰਾਲੇ ਨੇ ਖੁਦ ਇਹ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਅਨੁਸਾਰ, ਯੂਕਰੇਨ ਵਿੱਚ ਘੱਟੋ-ਘੱਟ 6 ਰੇਲਵੇ ਸਟੇਸ਼ਨਾਂ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ ਕਿ ਉਹ ਹੁਣ ਕਿਸੇ ਵੀ ਵਰਤੋਂ ਦੇ ਯੋਗ ਨਹੀਂ ਹਨ। ਰੂਸ ਨੇ ਦੋਸ਼ ਲਾਇਆ ਹੈ ਕਿ ਇਹ ਰੇਲਵੇ ਸਟੇਸ਼ਨ ਪੱਛਮੀ ਦੇਸ਼ਾਂ ਵੱਲੋਂ ਯੂਕਰੇਨੀ ਫੌਜ ਨੂੰ ਭੇਜੇ ਗਏ ਹਥਿਆਰਾਂ ਦੀ ਸਪਲਾਈ ਕਰਦੇ ਸਨ।
ਰਾਇਟਰਜ਼ ਦੇ ਅਨੁਸਾਰ, ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਵਾਈ ਅਤੇ ਸਮੁੰਦਰ ਤੋਂ ਅਤਿ ਆਧੁਨਿਕ ਘਾਤਕ ਹਥਿਆਰਾਂ ਦੀ ਵਰਤੋਂ ਕਰਕੇ ਬਹੁਤ ਹੀ ਸਟੀਕ ਉਦੇਸ਼ ਨਾਲ ਬੰਬਾਰੀ ਕਰਕੇ ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ਰੇਲਵੇ ਸਟੇਸ਼ਨਾਂ ਤੋਂ ਪੱਛਮੀ ਦੇਸ਼ਾਂ ਵੱਲੋਂ ਭੇਜੇ ਗਏ ਹਥਿਆਰ ਯੂਕਰੇਨੀ ਫੌਜ ਨੂੰ ਸਪਲਾਈ ਕੀਤੇ ਜਾਂਦੇ ਸਨ। ਹਾਲਾਂਕਿ, ਰਾਇਟਰਜ਼ ਨੇ ਤੁਰੰਤ ਘਟਨਾ ਦੀ ਪੁਸ਼ਟੀ ਨਹੀਂ ਕੀਤੀ।
ਡੋਨਬਾਸ ਵਿੱਚ ਵੀ ਸਟੇਸ਼ਨ ‘ਤੇ ਹਮਲਾ ਕੀਤਾ ਗਿਆ
ਇਸ ਦੌਰਾਨ ਰੂਸ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ 24 ਘੰਟਿਆਂ ਵਿੱਚ ਯੂਕਰੇਨ ਵਿੱਚ ਘੱਟੋ-ਘੱਟ 40 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਚਾਰ ਟਿਕਾਣੇ ਅਜਿਹੇ ਹਨ ਜਿੱਥੇ ਟੈਂਕ ਅਤੇ ਗੋਲਾ ਬਾਰੂਦ ਰੱਖਿਆ ਗਿਆ ਸੀ। ਇੱਕ ਹਫ਼ਤਾ ਪਹਿਲਾਂ, ਰੂਸ ਨੇ ਕ੍ਰਾਸਨੀ, ਡੋਨਬਾਸ ਵਿੱਚ ਰੇਲ ਨੈੱਟਵਰਕ ‘ਤੇ ਹਮਲਾ ਕੀਤਾ ਸੀ. ਉਸ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਇਸ ਰੇਲਵੇ ਸਟੇਸ਼ਨ ਤੋਂ ਹਥਿਆਰਾਂ ਦੀ ਸਪਲਾਈ ਹੁੰਦੀ ਸੀ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ।