ਚੰਡੀਗੜ੍ਹ 07 ਮਾਰਚ 2022: ਰੂਸ ਤੇ ਯੂਕਰੇਨ ਦੇ ਵਿਚਕਾਰ ਜੰਗ ਦੇ ਕਾਰਨ ਸਰਕਾਰ ਆਪ੍ਰੇਸ਼ਨ ਗੰਗਾ ਤਹਿਤ ਭਾਰਤੀਆਂ ਨੂੰ ਕੱਢਣ ‘ਚ ਲਗੀ ਹੋਈ ਹੈ | ਇਸਦੇ ਚੱਲਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਹੰਗਰੀ ਤੋਂ ਬੁਡਾਪੇਸਟ ‘ਚ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖਰੀ ਜੱਥੇ ਨਾਲ ਭਾਰਤ ਪਹੁੰਚੇ । ਉਨ੍ਹਾਂ ਨੇ ਟਵਿੱਟਰ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਆਪਣੇ-ਆਪਣੇ ਘਰ ਪਹੁੰਚ ਕੇ ਆਪਣੇ ਮਾਪਿਆਂ ਅਤੇ ਪਰਿਵਾਰਾਂ ਨੂੰ ਮਿਲ ਸਕਦੇ ਹਨ।
ਇਸਦੇ ਨਾਲ ਹੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ, “ਬੁਡਾਪੇਸਟ ਤੋਂ ਸਾਡੇ 6711 ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਦਿੱਲੀ ਪਹੁੰਚਣ ‘ਤੇ ਖੁਸ਼ੀ ਹੈ। ਨੌਜਵਾਨਾਂ ਨੂੰ ਘਰ ਪਹੁੰਚ ਕੇ ਅਤੇ ਜਲਦੀ ਹੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰਾਂ ਨਾਲ ਮਿਲਣ ਦੀ ਖੁਸ਼ੀ, ਉਤਸ਼ਾਹ ਅਤੇ ਰਾਹਤ ਮਿਲੀ ਹੈ ।”
ਉਨ੍ਹਾਂ ਨੇ ਟਵੀਟ ਕੀਤਾ, “6E ਜਹਾਜ਼, ਜੋ ਸਾਨੂੰ 1 ਮਾਰਚ ਨੂੰ ਬੁਡਾਪੇਸਟ ਲੈ ਕੇ ਗਿਆ ਸੀ, ਬਾਅਦ ‘ਚ ਸਾਡੇ ਵਿਦਿਆਰਥੀਆਂ ਨਾਲ 5ਵੀਂ ਨਿਕਾਸੀ ਉਡਾਣ ਵਜੋਂ ਵਾਪਸ ਪਰਤਿਆ। ਬੀਤੀ ਰਾਤ ਅਸੀਂ ਆਪਣੇ ਵਿਦਿਆਰਥੀਆਂ ਦੇ ਨਾਲ ਦਿੱਲੀ ਲਈ 31ਵੀਂ ਨਿਕਾਸੀ ਉਡਾਣ ‘ਚ ਸਵਾਰ ਹੋਏ।” ਜਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ‘ਚ ‘ਆਪ੍ਰੇਸ਼ਨ ਗੰਗਾ’ ਦੇ ਹਿੱਸੇ ਵਜੋਂ 16,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਗਿਆ ਹੈ| ਖਾਰਕਿਵ ਅਤੇ ਸੁਮੀ ਨੂੰ ਛੱਡ ਕੇ ਲਗਭਗ ਸਾਰੇ ਭਾਰਤੀਆਂ ਨੂੰ ਬਾਕੀ ਯੂਕਰੇਨ ਤੋਂ ਬਾਹਰ ਕੱਢ ਲਿਆ ਗਿਆ ਹੈ।