ਚੰਡੀਗੜ੍ਹ, 22 ਨਵੰਬਰ 2024: ਰੂਸ (Russia) ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ | ਦੂਜਾ ਪਾਸੇ ਰੂਸ ਨੇ ਉੱਤਰੀ ਕੋਰੀਆ ਨੂੰ ਐਂਟੀ-ਏਅਰ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੀ ਸਪਲਾਈ ਕੀਤੀ ਹੈ | ਜਾਣਕਾਰੀ ਮੁਤਾਬਕ ਬਦਲੇ ‘ਚ ਉੱਤਰੀ ਕੋਰੀਆ ਨੇ ਰੂਸ ਲਈ ਫੌਜ ਭੇਜੀ ਹੈ। ਉੱਤਰੀ ਕੋਰੀਆ ਨੇ ਯੂਕਰੇਨ ਵਿਰੁੱਧ ਜੰਗ ‘ਚ ਰੂਸ ਦੀ ਮੱਦਦ ਲਈ ਆਪਣੇ 10 ਹਜ਼ਾਰ ਤੋਂ ਵੱਧ ਫੌਜੀ ਰੂਸ ਭੇਜੇ ਹਨ। ਦੱਖਣੀ ਕੋਰੀਆ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਸ਼ਿਨ ਵੋਨਸਿਕ ਨੇ ਸ਼ੁੱਕਰਵਾਰ ਨੂੰ ਇੱਕ ਟੀਵੀ ਪ੍ਰੋਗਰਾਮ ‘ਚ ਦੱਸਿਆ ਕਿ ਰੂਸ ਨੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉੱਤਰੀ ਕੋਰੀਆ ਨੂੰ ਐਂਟੀ-ਏਅਰ ਮਿਜ਼ਾਈਲਾਂ ਅਤੇ ਹੋਰ ਉਪਕਰਣਾਂ ਦੀ ਸਪਲਾਈ ਕੀਤੀ ਹੈ। ਸ਼ਿਨ ਮੁਤਾਬਕ ਰੂਸ ਨੇ ਵੀ ਉੱਤਰੀ ਕੋਰੀਆ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਸਿਓਲ ਅਤੇ ਵਾਸ਼ਿੰਗਟਨ ਨੂੰ ਚਿੰਤਾ ਹੈ ਕਿ ਰੂਸ ਆਪਣੀ ਸੰਵੇਦਨਸ਼ੀਲ ਪ੍ਰਮਾਣੂ ਅਤੇ ਮਿਜ਼ਾਈਲ ਤਕਨਾਲੋਜੀ ਨੂੰ ਉੱਤਰੀ ਕੋਰੀਆ ਨੂੰ ਵੀ ਤਬਦੀਲ ਕਰ ਸਕਦਾ ਹੈ।
ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਵੀ ਹਾਲ ਹੀ ‘ਚ ਰੂਸ (Russia) ਨੂੰ ਵਾਧੂ ਤੋਪਖਾਨੇ ਭੇਜੇ ਹਨ। ਪਿਛਲੇ ਮਹੀਨੇ, ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਰੂਸ ਦੇ ਹਥਿਆਰਾਂ ਦੇ ਭੰਡਾਰ ਨੂੰ ਭਰਨ ‘ਚ ਮੱਦਦ ਲਈ ਅਗਸਤ 2023 ਤੋਂ ਰੂਸ ਨੂੰ ਤੋਪਖਾਨੇ, ਮਿਜ਼ਾਈਲਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੇ 13,000 ਤੋਂ ਵੱਧ ਕੰਟੇਨਰ ਭੇਜੇ ਹਨ।
ਇਸ ਹਫਤੇ ਦੇ ਸ਼ੁਰੂ ‘ਚ ਉੱਤਰੀ ਕੋਰੀਆ ਅਤੇ ਰੂਸ ਨੇ ਪਿਓਂਗਯਾਂਗ ਵਿੱਚ ਉੱਚ-ਪੱਧਰੀ ਗੱਲਬਾਤ ਤੋਂ ਬਾਅਦ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਇੱਕ ਨਵੇਂ ਸਮਝੌਤੇ ‘ਤੇ ਦਸਤਖਤ ਕੀਤੇ। ਇਹ ਜਾਣਕਾਰੀ ਦੋਵਾਂ ਦੇਸ਼ਾਂ ਦੇ ਸਰਕਾਰੀ ਮੀਡੀਆ ਨੇ ਦਿੱਤੀ।