ਰੂਸ, 13 ਮਈ 2024: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਦੇਸ਼ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸਰਗੇਈ ਦੀ ਥਾਂ ‘ਤੇ ਆਂਦਰੇਈ ਬੇਲੋਸਾਓ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਐਤਵਾਰ ਰਾਤ ਨੂੰ ਰੂਸ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬੇਲੋਸਾਓ ਇਸ ਤੋਂ ਪਹਿਲਾਂ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ।
ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰਾਸ਼ਟਰਪਤੀ (Vladimir Putin) ਦੇ ਹੁਕਮ ਨਾਲ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸ਼ੋਇਗੂ ਨੂੰ ਹੁਣ ਦੇਸ਼ ਦੀ ਸੁਰੱਖਿਆ ਪ੍ਰੀਸ਼ਦ ਦਾ ਸਕੱਤਰ ਬਣਾਇਆ ਗਿਆ ਹੈ। ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਹੋਣ ਦੇ ਨਾਲ-ਨਾਲ ਉਹ ਰੂਸ ਦੇ ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।
ਪਿਛਲੇ ਮਹੀਨੇ, ਸ਼ੋਇਗੂ ਦੇ ਡਿਪਟੀ ਤੈਮੂਰ ਇਵਾਨੋਵ ਨੂੰ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰੂਸੀ ਮੀਡੀਆ ਦੇ ਅਨੁਸਾਰ, ਇਵਾਨੋਵ ‘ਤੇ 1 ਮਿਲੀਅਨ ਰੂਬਲ (ਲਗਭਗ 10,800 ਡਾਲਰ) ਦੀ ਰਿਸ਼ਵਤ ਲੈਣ ਦਾ ਦੋਸ਼ ਸੀ।
ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸ਼ੋਇਗੂ ਨੂੰ ਵੀ ਛੇਤੀ ਹੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਰੂਸ ਦੀ ਨਿੱਜੀ ਫੌਜ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਨੇ ਵੀ ਮੌਤ ਤੋਂ ਪਹਿਲਾਂ ਸ਼ੋਇਗੂ ਦੀ ਆਲੋਚਨਾ ਕੀਤੀ ਸੀ।