July 7, 2024 2:12 pm
Bihar

RRB-NTPC ਪ੍ਰੀਖਿਆ ਮਾਮਲਾ: ਬਿਹਾਰ ‘ਚ ਵੱਖ-ਵੱਖ ਥਾਵਾਂ ਤੋਂ 55 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ 27 ਜਨਵਰੀ 2022: ਬਿਹਾਰ ‘ਚ ਵਿਦਿਆਰਥੀਆਂ ਨੇ RRB-NTPC ਪ੍ਰੀਖਿਆ ਦੇ ਨਤੀਜਿਆਂ ‘ਚ ਕਥਿਤ ਗੜਬੜੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ| ਇਸ ਦੌਰਾਨ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਗਯਾ ‘ਚ ਇਕ ਟਰੇਨ ਨੂੰ ਅੱਗ ਲਗਾ ਦਿੱਤੀ। ਰੇਲ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬਿਹਾਰ (Bihar) ਦੇ ਆਰਾ, ਗਯਾ, ਨਵਾਦਾ ਅਤੇ ਸੀਤਾਮੜੀ ‘ਚ ਵਿਦਿਆਰਥੀਆਂ ਦੇ ਅੰਦੋਲਨ ਕਾਰਨ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। ਇਕੱਲੇ ਨਵਾਦਾ ਜ਼ਿਲ੍ਹੇ ਵਿੱਚ ਕਰੀਬ 3 ਕਰੋੜ ਰੁਪਏ ਦੀ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। ਬਾਕੀ ਥਾਵਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਬਿਹਾਰ (Bihar) ‘ਚ ਵਿਦਿਆਰਥੀ ਅੰਦੋਲਨ ਦੌਰਾਨ ਵੱਖ-ਵੱਖ ਥਾਵਾਂ ਤੋਂ 55 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿੰਨੇ ਲੋਕਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ, ਇਸ ਬਾਰੇ ਰੇਲਵੇ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਨਵਾਦਾ ਤੋਂ 32, ਜਹਾਨਾਬਾਦ ਤੋਂ 2, ਸੀਤਾਮੜੀ ਤੋਂ 13 ਅਤੇ ਗਯਾ ਤੋਂ 8 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਤੁਹਾਨੂੰ ਦਸ ਦਈਏ ਕਿ ਇਸ ਅੰਦੋਲਨ ਦੌਰਾਨ 12 ਸਰਕਾਰੀ ਮੁਲਾਜ਼ਮ ਜ਼ਖ਼ਮੀ ਹੋ ਗਏ। ਨਵਾਦਾ ‘ਚ ਜ਼ਖ਼ਮੀ ਹੋਏ ਮੁਲਾਜ਼ਮਾਂ ਵਿੱਚ 2 ਆਰਪੀਐਸਐਫ, 4 ਆਰਪੀਐਫ, ਇੱਕ ਫਾਇਰਮੈਨ ਅਤੇ ਦੋ ਜੀਆਰਪੀ ਮੁਲਾਜ਼ਮ ਜ਼ਖ਼ਮੀ ਹੋਏ ਹਨ। ਸੀਤਾਮੜੀ ‘ਚ ਪਥਰਾਅ ‘ਚ ਜੀਆਰਪੀ ਦੇ 3 ਕਰਮਚਾਰੀ ਜ਼ਖਮੀ ਹੋ ਗਏ। ਸੀਤਾਮੜੀ ਵਿੱਚ ਵਿਦਿਆਰਥੀਆਂ ਵੱਲੋਂ ਦੋ-ਤਿੰਨ ਰਾਉਂਡ ਗੋਲੀਬਾਰੀ ਦੀਆਂ ਵੀ ਖ਼ਬਰਾਂ ਹਨ। ਇੱਥੇ ਆਰਮਜ਼ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਰੇਲਵੇ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ‘ਚ ਹੈ।

ਭਰਤੀ ਪ੍ਰੀਖਿਆਵਾਂ ਲਈ ਚੋਣ ਪ੍ਰਕਿਰਿਆ ਨੂੰ ਲੈ ਕੇ ਉਮੀਦਵਾਰਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰੇਲਵੇ ਨੇ ਬੁੱਧਵਾਰ ਨੂੰ ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (NTPC) ਅਤੇ ਲੈਵਲ-1 ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਭਰੋਸਾ ਦਿੱਤਾ।