ਰੋਪੜ 13 ਜੂਨ 2022: ਰੋਪੜ ਦੀ ਸੱਤ ਸਾਲਾਂ ਸਾਨਵੀ ਸੂਦ ਨੇ ਮਾਉਂਟ ਐਵਰੇਸਟ ਬੇਸ ਕੈਂਪ ‘ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ, ਜਿਸ ਨੇ ਮਾਉਂਟ ਐਵਰੇਸਟ ਬੇਸ ਕੈਂਪ ‘ਤੇ ਪਹੁੰਚ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਸਾਨਵੀ ਸੂਦ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸ਼ਹਿਰ ਰੋਪੜ ਪਹੁੰਚੀ, ਜਿਥੇ ਸ਼ਹਿਰ ਵਸਿਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਉਸਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰੂਪਨਗਰ ਦੇ ਵਸਨੀਕਾਂ ਦੇ ਨਾਲ-ਨਾਲ ਸਾਨਵੀ ਦੇ ਰਿਸ਼ਤੇਦਾਰ ਵੀ ਉੱਥੇ ਮੌਜੂਦ ਰਹੇ।
ਸਾਨਵੀ ਸੂਦ ਨੇ ਆਕਸੀਜਨ ਦੀ ਘਾਟ ਅਤੇ ਠੰਡੀਆਂ ਤੇ ਤੇਜ਼ ਹਵਾਵਾਂ ਨੂੰ ਸਹਿੰਦੇ ਹੋਏ ਔਖੇ ਰਸਤਿਆਂ ‘ਚੋਂ ਗੁਜ਼ਰਦਿਆਂ ਲਗਭਗ 65 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਸਾਨਵੀ ਸੂਦ ਦੂਜੀ ਜਮਾਤ ਦੀ ਵਿਦਿਆਰਥਣ ਹੈ। ਸਾਨਵੀ ਸੂਦ ਨੇ ਇਸ ਟ੍ਰੈਕ ਨੂੰ 9 ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।