Rohit Sharma

ਰੋਹਿਤ ਸ਼ਰਮਾ ਹੋਣਗੇ ਟੀ-20 ਟੀਮ ਦੇ ਨਵੇਂ ਕਪਤਾਨ, ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ‘ਚ ਕਰ ਸਕਦੇ ਨੇ ਕਪਤਾਨੀ

ਚੰਡੀਗੜ੍ਹ; ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਇੰਡੀਆ ਹੁਣ ਅਗਲੇ ਮਿਸ਼ਨ ਲਈ ਤਿਆਰ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਦੋ ਟੈਸਟ ਮੈਚ 17 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਖਬਰਾਂ ਮੁਤਾਬਕ ਰੋਹਿਤ ਸ਼ਰਮਾ ਨੂੰ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਨਵਾਂ ਕਪਤਾਨ ਬਣਾਇਆ ਜਾ ਸਕਦਾ ਹੈ। ਟੀ-20 ਵਿਸ਼ਵ ਕੱਪ ਵਿਰਾਟ ਕੋਹਲੀ ਦੀ ਕਪਤਾਨੀ ਦੀ ਆਖਰੀ ਜ਼ਿੰਮੇਵਾਰੀ ਸੀ ਅਤੇ ਹੁਣ ਰੋਹਿਤ ਨੂੰ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਟੈਸਟ ਟੀਮ ਦੀ ਕਮਾਨ ਵੀ ਸੰਭਾਲਣਗੇ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਟੀ-20 ਸੀਰੀਜ਼ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਲਈ ਵੀ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਮੌਜੂਦਾ ਟੈਸਟ ਕਪਤਾਨ ਵਿਰਾਟ ਕੋਹਲੀ ਪਹਿਲੇ ਟੈਸਟ ਲਈ ਬ੍ਰੇਕ ਲੈ ਰਹੇ ਹਨ ਅਤੇ ਮੁੰਬਈ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ‘ਚ ਟੀਮ ‘ਚ ਵਾਪਸੀ ਕਰਨਗੇ। ਕੋਹਲੀ ਤੋਂ ਨਿਊਜ਼ੀਲੈਂਡ ਖਿਲਾਫ ਟੀ-20 ਦੌਰਾਨ ਵੀ ਬ੍ਰੇਕ ਲੈਣ ਦੀ ਉਮੀਦ ਹੈ।
ਰਾਹੁਲ ਨਵੇਂ ਉਪ ਕਪਤਾਨ ਹੋਣਗੇ
ਇੰਗਲੈਂਡ ਦੌਰੇ ‘ਤੇ ਖਰਾਬ ਫਾਰਮ ਨਾਲ ਜੂਝਣ ਦੇ ਬਾਵਜੂਦ ਅਜਿੰਕਯ ਰਹਾਣੇ ਨੂੰ ਟੈਸਟ ਟੀਮ ‘ਚ ਉਪ-ਕਪਤਾਨ ਦੇ ਰੂਪ ‘ਚ ਬਰਕਰਾਰ ਰੱਖਿਆ ਜਾਵੇਗਾ, ਜਦਕਿ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੂੰ ਟੀ-20 ਸੀਰੀਜ਼ ਲਈ ਉਪ-ਕਪਤਾਨ ਦੇ ਰੂਪ ‘ਚ ਦੇਖਿਆ ਜਾਵੇਗਾ।
ਇਸ ਤਰਾਂ ਹੈ ਸੀਰੀਜ਼ ਦਾ ਸ਼ਡਿਊਲ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ 17 ਨਵੰਬਰ ਨੂੰ ਜੈਪੁਰ, 19 ਨਵੰਬਰ ਨੂੰ ਰਾਂਚੀ ਅਤੇ ਆਖਰੀ ਮੈਚ 21 ਨਵੰਬਰ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ 25 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਪਹਿਲਾ ਟੈਸਟ ਕਾਨਪੁਰ ‘ਚ ਖੇਡਿਆ ਜਾਵੇਗਾ। ਜਦਕਿ ਦੂਜਾ ਟੈਸਟ 3 ਦਸੰਬਰ ਤੋਂ 7 ਦਸੰਬਰ ਤੱਕ ਮੁੰਬਈ ‘ਚ ਖੇਡਿਆ ਜਾਵੇਗਾ।

Scroll to Top