ਚੰਡੀਗੜ੍ਹ, 30 ਸਤੰਬਰ 2023: ਰੋਹਨ ਬੋਪੰਨਾ (Rohan Bopanna) ਅਤੇ ਰੁਤੁਜਾ ਭੋਸਲੇ (Rutuja Bhosale) ਨੇ ਮਿਕਸਡ ਡਬਲਜ਼ ਟੈਨਿਸ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਨੇ ਸ਼ੁਰੂਆਤੀ ਸੈੱਟ 6-2 ਨਾਲ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਸੁਪਰ ਟਾਈ-ਬ੍ਰੇਕ 10-4 ਨਾਲ ਜਿੱਤਿਆ। ਭਾਰਤ ਦੀ ਇਸ ਖੇਡ ਵਿੱਚ ਸੋਨ ਤਗਮੇ ਜਿੱਤਣ ਦਾ ਸਿਲਸਿਲਾ 2002 ਦੀਆਂ ਏਸ਼ੀਆਈ ਖੇਡਾਂ ਤੋਂ ਜਾਰੀ ਹੈ। ਰੋਹਨ ਬੋਪੰਨਾ ਹੁਣ ਦੋ ਵਾਰ ਏਸ਼ੀਅਨ ਖੇਡਾਂ ਦਾ ਚੈਂਪੀਅਨ ਹਨ | ਉਨ੍ਹਾਂ ਨੇ 2018 ਵਿੱਚ ਦਿਵਿਜ ਸ਼ਰਨ ਦੇ ਨਾਲ ਪੁਰਸ਼ ਡਬਲਜ਼ ਜਿੱਤਿਆ ਅਤੇ ਹੁਣ ਰੁਤੁਜਾ ਭੋਸਲੇ ਦੇ ਨਾਲ ਮਿਕਸਡ ਡਬਲਜ਼ ਵਿੱਚ ਸੋਨ ਤਮਗਾ ਜਿੱਤਿਆ ਹੈ।
ਏਸ਼ੀਆਈ ਖੇਡਾਂ ਦਾ ਅੱਜ ਸੱਤਵਾਂ ਦਿਨ ਹੈ। ਭਾਰਤ ਨੇ ਹੁਣ ਤੱਕ ਕੁੱਲ 35 ਤਗਮੇ ਜਿੱਤ ਲਏ ਹਨ । ਭਾਰਤ ਨੇ ਮੁਕਾਬਲੇ ਦੇ ਪਹਿਲੇ ਦਿਨ ਪੰਜ ਤਗਮੇ ਹਾਸਲ ਕੀਤੇ, ਦੂਜੇ ਦਿਨ ਛੇ, ਤੀਜੇ ਦਿਨ ਤਿੰਨ, ਚੌਥੇ ਦਿਨ ਅੱਠ, ਪੰਜਵੇਂ ਦਿਨ ਤਿੰਨ ਅਤੇ ਛੇਵੇਂ ਦਿਨ ਅੱਠ। ਸੱਤਵੇਂ ਦਿਨ ਭਾਰਤ ਅਥਲੈਟਿਕਸ ਅਤੇ ਨਿਸ਼ਾਨੇਬਾਜ਼ੀ ਵਿੱਚ ਤਮਗੇ ਹਾਸਲ ਕਰ ਸਕਦਾ ਹੈ।