Site icon TheUnmute.com

ਰੋਹਨ ਬੋਪੰਨਾ ਤੇ ਮੈਥਿਊ ਏਬਡੇਨ ਦੀ ਜੋੜੀ ਨੇ ਡਬਲਜ਼ ਮੁਕਾਬਲੇ ‘ਚ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

Rohan Bopanna

ਚੰਡੀਗੜ੍ਹ, 27 ਜਨਵਰੀ 2024: ਰੋਹਨ ਬੋਪੰਨਾ (Rohan Bopanna) ਅਤੇ ਮੈਥਿਊ ਏਬਡੇਨ ਦੀ ਜੋੜੀ ਨੇ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ਨੀਵਾਰ (27 ਜਨਵਰੀ) ਨੂੰ ਫਾਈਨਲ ‘ਚ ਇਸ ਜੋੜੀ ਨੇ ਇਟਲੀ ਦੀ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਭਾਰਤ ਦੇ ਬੋਪੰਨਾ ਅਤੇ ਆਸਟ੍ਰੇਲੀਆ ਦੇ ਐਬਡੇਨ ਦੀ ਜੋੜੀ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ। ਬੋਪੰਨਾ ਅਤੇ ਏਬਡੇਨ ਨੇ ਇਹ ਮੈਚ 7-6 (7-0), 7-5 ਨਾਲ ਜਿੱਤਿਆ। ਦੋਵਾਂ ਨੇ ਪਹਿਲਾ ਸੈੱਟ 7-6 (7-0) ਨਾਲ ਜਿੱਤਿਆ ਜੋ ਟਾਈਬ੍ਰੇਕਰ ਤੱਕ ਗਿਆ। ਇਸ ਤੋਂ ਬਾਅਦ ਦੂਜਾ ਸੈੱਟ 7-5 ਦੇ ਫਰਕ ਨਾਲ ਜਿੱਤ ਲਿਆ।

43 ਸਾਲਾ ਬੋਪੰਨਾ (Rohan Bopanna) ਹਾਲ ਹੀ ਵਿੱਚ ਪੁਰਸ਼ ਡਬਲਜ਼ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਲਈ ਵੀ ਚੁਣਿਆ ਗਿਆ ਸੀ। ਬੋਪੰਨਾ ਓਪਨ ਯੁੱਗ ਵਿੱਚ ਗ੍ਰੈਂਡ ਸਲੈਮ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਉਹ 43 ਸਾਲ 329 ਦਿਨ ਦੀ ਉਮਰ ਵਿੱਚ ਚੈਂਪੀਅਨ ਬਣਿਆ।

ਗਰੈਂਡ ਸਲੈਮ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਰੋਹਨ ਬੋਪੰਨਾ ਦਾ ਇਹ 61ਵਾਂ ਮੈਚ ਸੀ। ਉਸ ਨੇ 19 ਵੱਖ-ਵੱਖ ਸਾਥੀਆਂ ਨਾਲ ਮੈਚ ਖੇਡੇ ਹਨ। ਬੋਪੰਨਾ ਨੇ ਅਮਰੀਕਾ ਦੇ ਰਾਜੀਵ ਰਾਮ ਦਾ ਅਨੋਖਾ ਰਿਕਾਰਡ ਤੋੜ ਦਿੱਤਾ ਹੈ। ਬੋਪੰਨਾ ਆਪਣਾ ਪਹਿਲਾ ਪੁਰਸ਼ ਡਬਲਜ਼ ਖਿਤਾਬ ਜਿੱਤਣ ਤੋਂ ਪਹਿਲਾਂ ਈਵੈਂਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ। ਰਾਜੀਵ ਰਾਮ ਨੂੰ ਪਹਿਲਾ ਪੁਰਸ਼ ਡਬਲਜ਼ ਗ੍ਰੈਂਡ ਸਲੈਮ ਜਿੱਤਣ ਲਈ 58 ਮੈਚ ਲੱਗੇ। ਬੋਪੰਨਾ ਨੇ ਆਪਣੇ 61ਵੇਂ ਮੈਚ ਵਿੱਚ ਇਹ ਖ਼ਿਤਾਬ ਜਿੱਤਿਆ।

Exit mobile version