ਚੰਡੀਗੜ੍ਹ, 31 ਅਕਤੂਬਰ, 2023: ਸਾਲ 2022 ਲਈ ਕੇਂਦਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਸੜਕ ਹਾਦਸੇ (Road accidents) ਇੱਕ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ ਭਾਰਤ ਵਿੱਚ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ ਸਨ।
ਇਨ੍ਹਾਂ ਹਾਦਸਿਆਂ ਵਿੱਚ 1,68,491 ਜਣਿਆਂ ਦੀ ਜਾਨ ਚਲੀ ਗਈ। ਜਦੋਂ ਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਕਰੀਬ 4.45 ਲੱਖ ਜ਼ਖ਼ਮੀ ਵੀ ਹੋਏ ਹਨ। ‘ਰੋਡ ਐਕਸੀਡੈਂਟਸ ਇਨ ਇੰਡੀਆ – 2022’ ਸਿਰਲੇਖ ਵਾਲੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 2021 ਦੇ ਮੁਕਾਬਲੇ ਭਾਰਤ ‘ਚ ਹਾਦਸਿਆਂ ਦੀ ਗਿਣਤੀ ‘ਚ ਲਗਭਗ 12 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਮੌਤਾਂ ਦੀ ਗਿਣਤੀ ‘ਚ 9.4 ਫੀਸਦੀ ਦਾ ਵਾਧਾ ਹੋਇਆ ਹੈ। 2022 ‘ਚ ਜ਼ਖਮੀਆਂ ਦੀ ਗਿਣਤੀ ‘ਚ 15.3 ਫੀਸਦੀ ਦਾ ਵਾਧਾ ਹੋਇਆ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਪੁਲਿਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਸੜਕ ਹਾਦਸਿਆਂ (Road accidents) ‘ਤੇ ਇਹ ਸਾਲਾਨਾ ਰਿਪੋਰਟ ਤਿਆਰ ਕਰਦਾ ਹੈ।
ਤੇਜ਼ ਰਫਤਾਰ ਬਣ ਰਹੀ ਹੈ ਜਾਨਲੇਵਾ
ਤੇਜ਼ ਰਫਤਾਰ ਅਜੇ ਵੀ ਭਾਰਤੀ ਸੜਕਾਂ ‘ਤੇ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। 2022 ਵਿੱਚ ਵਾਪਰੇ ਤਕਰੀਬਨ 75 ਫੀਸਦੀ ਹਾਦਸਿਆਂ ਦਾ ਇਹੀ ਕਾਰਨ ਹੈ। ਸੜਕ ਹਾਦਸਿਆਂ ਦੇ ਵੱਧ ਰਹੇ ਮਾਮਲਿਆਂ ਪਿੱਛੇ ਗਲਤ ਪਾਸੇ ਤੋਂ ਡਰਾਈਵਿੰਗ ਵੀ ਸਭ ਤੋਂ ਵੱਡਾ ਕਾਰਨ ਹੈ, ਜਿਸ ਦਾ ਯੋਗਦਾਨ ਲਗਭਗ ਛੇ ਫੀਸਦੀ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਗੱਡੀ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਦੋ ਹੋਰ ਪ੍ਰਮੁੱਖ ਕਾਰਕ ਹਨ ਜੋ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਚਾਰ ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾਉਂਦੇ ਹਨ।
ਸੀਟ ਬੈਲਟ ਅਤੇ ਹੈਲਮੇਟ ਨਾ ਪਹਿਨਣ ਕਾਰਨ ਕਈ ਮੌਤਾਂ
ਸੜਕ ਸੁਰੱਖਿਆ ਦੇ ਬੁਨਿਆਦੀ ਨਿਯਮਾਂ ਦੀ ਉਲੰਘਣਾ ਕਾਰਨ ਪਿਛਲੇ ਸਾਲ ਭਾਰਤ ਵਿੱਚ ਲਗਭਗ 70,000 ਜਣਿਆਂ ਦੀ ਮੌਤ ਹੋ ਗਈ। ਸਾਰੇ ਵਾਹਨ ਚਾਲਕਾਂ ਲਈ ਸੀਟ ਬੈਲਟ ਲਾਜ਼ਮੀ ਬਣਾਉਣ ਦੇ ਨਿਯਮ ਨੂੰ ਲਾਗੂ ਕਰਨ ਦੇ ਬਾਵਜੂਦ, 2022 ਵਿੱਚ ਲਗਭਗ 17,000 ਜਣਿਆਂ ਨੇ ਇਨ੍ਹਾਂ ਨੂੰ ਨਾ ਪਹਿਨਣ ਕਾਰਨ ਆਪਣੀ ਜਾਨ ਗਵਾਈ। 50,000 ਤੋਂ ਵੱਧ ਦੋਪਹੀਆ ਵਾਹਨ ਸਵਾਰਾਂ ਦੀ ਵੀ ਹੈਲਮਟ ਨਾ ਪਹਿਨਣ ਕਾਰਨ ਮੌਤ ਹੋ ਗਈ।
ਕਿਹੜੀਆਂ ਸੜਕਾਂ ‘ਤੇ ਕਿੰਨੇ ਹਾਦਸੇ ਹੋਏ?
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਹਨਾਂ ਵਿੱਚੋਂ ਅੱਧੇ ਤੋਂ ਵੱਧ ਸੜਕ ਹਾਦਸੇ ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ ਹੋਏ ਹਨ। ਲਗਭਗ 33 ਫੀਸਦੀ ਸੜਕ ਹਾਦਸੇ ਐਕਸਪ੍ਰੈਸ ਵੇਅ ਸਮੇਤ ਰਾਸ਼ਟਰੀ ਰਾਜਮਾਰਗਾਂ ‘ਤੇ ਹੋਏ ਹਨ। ਜਿੱਥੇ ਵਾਹਨਾਂ ਨੂੰ ਸਭ ਤੋਂ ਵੱਧ ਗਤੀ ਸੀਮਾ ਨਾਲ ਚਲਾਇਆ ਜਾ ਸਕਦਾ ਹੈ। ਪਿਛਲੇ ਸਾਲ ਵੀ ਰਾਜ ਮਾਰਗਾਂ ‘ਤੇ ਇਕ ਲੱਖ ਤੋਂ ਵੱਧ ਹਾਦਸੇ ਵਾਪਰੇ ਸਨ। ਜੋ ਭਾਰਤ ਵਿੱਚ ਹੋਣ ਵਾਲੇ ਹਾਦਸਿਆਂ ਦਾ ਲਗਭਗ 23 ਫੀਸਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਗਭਗ 40 ਫੀਸਦੀ ਹਾਦਸੇ ਦੂਜੀਆਂ ਸੜਕਾਂ ‘ਤੇ ਹੁੰਦੇ ਹਨ।
ਇਸ ਤਰ੍ਹਾਂ ਡਾਟਾ ਤਿਆਰ ਹੁੰਦਾ ਹੈ
ਇਸ ਸਲਾਨਾ ਰਿਪੋਰਟ ਲਈ ਏਸ਼ੀਆ ਪੈਸੀਫਿਕ ਰੋਡ ਐਕਸੀਡੈਂਟ ਡੇਟਾ (APRAD) ਬੇਸ ਪ੍ਰੋਜੈਕਟ ਦੇ ਤਹਿਤ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ ਫਾਰ ਏਸ਼ੀਆ ਐਂਡ ਦ ਪੈਸੀਫਿਕ (UNESCAP) ਦੁਆਰਾ ਪ੍ਰਦਾਨ ਕੀਤੇ ਗਏ ਮਾਨਕੀਕ੍ਰਿਤ ਫਾਰਮੈਟਾਂ ਵਿੱਚ ਕੈਲੰਡਰ ਸਾਲ ਦੇ ਆਧਾਰ ‘ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਵਿਭਾਗ ਡੇਟਾ ਭੇਜਦੇ ਹਨ।