Site icon TheUnmute.com

ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨਿੱਜੀ ਮੁਫਾਦ ਲਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ: CM ਭਗਵੰਤ ਮਾਨ

ਰੁਜ਼ਗਾਰ

ਚੰਡੀਗੜ੍ਹ 06 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਕਿਹਾ ਕਿ ਰਸੂਖਦਾਰ ਸਿਆਸੀ ਪਰਿਵਾਰਾਂ ਦੇ ਨਿੱਜੀ ਮੁਫਾਦ ਹੋਣ ਕਰਕੇ ਸੂਬਾ ਵਿਕਾਸ ਪੱਖੋਂ ਪੱਛੜ ਗਿਆ ਅਤੇ ਸਾਡੇ ਨੌਜਵਾਨਾਂ ਕੋਲੋਂ ਰੁਜ਼ਗਾਰ ਦੇ ਮੌਕੇ ਖੁੱਸ ਗਏ। ਅੱਜ ਇੱਥੇ ਮਿਊਂਸਪਲ ਭਵਨ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਵਿਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਆਪਣੇ ਸੰਬਧੋਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਿਆਸੀ ਪਰਿਵਾਰਾਂ ਨੇ ਨਿੱਜੀ ਹਿੱਤ ਪਾਲਣ ਲਈ ਸਾਡੇ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰ ਨੇ ਆਪਣੇ ਨਿੱਜੀ ਫਾਇਦਿਆਂ ਲਈ ਸੂਬੇ ਦੇ ਹਿੱਤ ਦਾਅ ਉਤੇ ਲਾਉਣ ਤੋਂ ਵੀ ਗੁਰੇਜ਼ ਨਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਪੰਜਾਬ ਅਤੇ ਸਾਡੇ ਨੌਜਵਾਨਾਂ ਨਾਲ ਧ੍ਰੋਹ ਕਮਾਇਆ ਹੈ ਜਿਸ ਕਰਕੇ ਹੀ ਇਨ੍ਹਾਂ ਨੂੰ ਬਾਹਰ ਦਾ ਰਾਹ ਦੇਖਣਾ ਪਿਆ।

ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਵੱਡਾ ਪ੍ਰਾਜੈਕਟ ਸਥਾਪਿਤ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਟਾਟਾ ਗਰੁੱਪ ਸੂਬੇ ਵਿਚ ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਵੱਡਾ ਪ੍ਰਾਜੈਕਟ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਾਟਾ ਸਟੀਲ ਵੱਲੋਂ ਜਮਸ਼ੇਦਪੁਰ ਤੋਂ ਬਾਅਦ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਹੋਰ ਉਦਯੋਗਿਕ ਪ੍ਰਾਜੈਕਟ ਵੀ ਸਥਾਪਤ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ,“ਪੰਜਾਬ ਦੇ ਸੁਖਾਵੇਂ ਮਾਹੌਲ ਸਦਕਾ ਵੱਡੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ ਅਤੇ ਹੁਣ ਪ੍ਰਾਜੈਕਟ ਸਥਾਪਤ ਕਰਨ ਲਈ ਸਿੱਧਾ ਪੰਜਾਬ ਨਾਲ ਐਮ.ਓ.ਯੂ. ਕੀਤਾ ਜਾਂਦਾ ਹੈ ਜਦਕਿ ਇਸ ਤੋਂ ਪਹਿਲਾਂ ਨਿਵੇਸ਼ਕਾਰਾਂ ਨੂੰ ਸੱਤਾਧਾਰੀ ਸਿਆਸੀ ਪਰਿਵਾਰਾਂ ਨਾਲ ‘ਐਮ.ਓ.ਯੂ.’ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਕਰਕੇ ਨਿਵੇਸ਼ਕਾਰ ਪੰਜਾਬ ਤੋਂ ਮੂੰਹ ਫੇਰ ਲੈਂਦੇ ਸਨ।” ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲੇ ਸੱਤਾਧਾਰੀ ਅਜਿਹੇ ਪ੍ਰਾਜੈਕਟਾਂ ਤੋਂ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਵਾਲੇ ਫਾਇਦਾ ਪੁੱਛਦੇ ਸਨ ਪਰ ਹੁਣ ਅਸੀਂ ਇਨ੍ਹਾਂ ਪ੍ਰਾਜੈਕਟਾਂ ਨਾਲ ਨੌਜਵਾਨਾਂ ਨੂੰ ਮਿਲਣ ਵਾਲੀਆਂ ਨੌਕਰੀਆਂ ਪੁੱਛਦੇ ਹਾਂ।

ਖਾਲੀ ਅਸਾਮੀਆਂ ਪਹਿਲ ਦੇ ਆਧਾਰ ‘ਤੇ ਭਰੀਆਂ ਜਾਣਗੀਆਂ

ਅੱਜ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਇਹ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਹਨਤ ਕਰਨ ਵਾਲੇ ਨੌਜਵਾਨ ਇਸ ਨੌਕਰੀ ਦੇ ਹੱਕਦਾਰ ਹਨ ਕਿਉਂਕਿ ਉਹ ਕਰੜੇ ਇਮਤਿਹਾਨ ਵਿੱਚੋਂ ਲੰਘ ਕੇ ਮੈਰਿਟ ਦੇ ਆਧਾਰ ਉਤੇ ਚੁਣੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਬਾਕੀ ਭਰਤੀ ਵੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ ਜਿਸ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਸਰਕਾਰ ਨੇ ਸੂਬੇ ਵਿਚ ਪਹਿਲਾ ਫੈਸਲਾ ਨੌਜਵਾਨਾਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੁਣ ਹਰੇਕ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਖਾਲੀ ਅਸਾਮੀਆਂ ਪਹਿਲ ਦੇ ਆਧਾਰ ਉਤੇ ਭਰੀਆਂ ਜਾਣ।

ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਲੋਕਾਂ ਦੀ ਸੇਵਾ ਕਰਨ ਦੀ ਅਪੀਲ

ਇਨ੍ਹਾਂ ਉਮੀਦਵਾਰ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪੋ-ਆਪਣੇ ਅਹੁਦਿਆਂ ਉਤੇ ਡਿਊਟੀ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੁਝ ਮਹੀਨਿਆਂ ਵਿਚ ਉਹ ਕੰਮ ਕਰ ਦਿੱਤੇ, ਜੋ ਪਿਛਲੇ 75 ਸਾਲਾਂ ਵਿਚ ਨਹੀਂ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਵੀ ਸਾਡੀ ਸਰਕਾਰ ਏਸੇ ਰਫਤਾਰ ਨਾਲ ਲੱਗੀ ਰਹੇਗੀ।

ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਵਿਧਾਇਕ ਜਗਦੀਪ ਗੋਲਡੀ ਤੇ ਅਜੀਤਪਾਲ ਸਿੰਘ ਕੋਹਲੀ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ. ਤਿਵਾੜੀ, ਸਕੱਤਰ ਸਿਹਤ ਅਜੋਏ ਸ਼ਰਮਾ, ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਪੁਲ ਉਜਵਲ ਤੇ ਹੋਰ ਹਾਜ਼ਰ ਸਨ।

Exit mobile version