ਚੰਡੀਗੜ੍ਹ 08 ਜੂਨ 2022: ਪੰਜਾਬ ‘ਚ 23 ਜੂਨ ਨੂੰ ਸੰਗਰੂਰ (Sangrur) ਲੋਕ ਸਭਾ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ | ਇਸ ਦੌਰਾਨ ਚੋਣ ਨੂੰ ਸ਼ਾਂਤਮਈ ਮਾਹੌਲ ‘ਚ ਕਰਵਾਉਣ ਲਈ ਪੰਜਾਬ ਪੁਲਿਸ ਵਲੋਂ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ | ਇਸਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ (Election Commission) ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਵੱਲੋਂ ਅੱਜ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਜ਼ਿਮਨੀ ਚੋਣ ਦੀ ਤਿਆਰੀ ਸੰਬੰਧੀ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੇ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਆਈ.ਏ.ਐਸ ਅਧਿਕਾਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਨੇ ਹੁਣ ਤੱਕ ਕੀਤੇ ਚੋਣ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨਾਂ ਹਿਦਾਇਤ ਕੀਤੀ ਕਿ ਸਮੂਹ ਟੀਮਾਂ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਚੋਣ ਡਿਊਟੀ ਨਿਭਾਉਣ ਅਤੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਸ ਦੇ ਨਾਲ ਹੀ ਉਨਾਂ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਗੁਆਂਢੀ ਸੂਬੇ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿਚ ਵਧੇਰੇ ਮੁਸਤੈਦੀ ਰੱਖਣ ਦੀ ਹਿਦਾਇਤ ਕੀਤੀ।