Site icon TheUnmute.com

ਜਲੰਧਰ ਇੰਪਰੂਵਮੈਂਟ ਟਰੱਸਟ ਲਈ ਜ਼ਮੀਨ ਸੰਬੰਧੀ 5.49 ਕਰੋੜ ਦੇ ਘਪਲੇ ਦੋਸ਼ ਹੇਠ ਵਿਜੀਲੈਂਸ ਵੱਲੋਂ ਸੇਵਾਮੁਕਤ PCS ਅਧਿਕਾਰੀ ਗ੍ਰਿਫ਼ਤਾਰ

Vigilance Bureau

ਚੰਡੀਗੜ੍ਹ, 01 ਅਗਸਤ 2024: ਵਿਜੀਲੈਂਸ ਬਿਊਰੋ (Vigilance Bureau) ਨੇ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਸੂਰਿਆ ਐਨਕਲੇਵ ਐਕਸਟੈਨਸ਼ਨ ਲਈ 94.97 ਏਕੜ ਜ਼ਮੀਨ ਐਕੁਆਇਰ ਕਰਨ ਦੌਰਾਨ ਹੋਏ ਘਪਲੇ ਮਾਮਲੇ ‘ਚ ਸੇਵਾਮੁਕਤ ਪੰਜਾਬ ਸਿਵਲ ਸਰਵਿਸਿਜ਼ (ਪੀਸੀਐਸ) ਅਧਿਕਾਰੀ ਇਕਬਾਲ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਅਧਿਕਾਰੀ ਉਸ ਵੇਲੇ ਇੰਪਰੂਵਮੈਂਟ ਟਰੱਸਟ ਜਲੰਧਰ ਵਿਖੇ ਐਸ.ਡੀ.ਐਮ-ਕਮ-ਭੂਮੀ ਗ੍ਰਹਿਣ ਕੁਲੈਕਟਰ (ਐਲਏਸੀ) ਵਜੋਂ ਤਾਇਨਾਤ ਸੀ। ਵਿਜੀਲੈਂਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਜ਼ਮੀਨ ਦੇ ਅਸਲ ਮਾਲਕਾਂ ਨੂੰ ਮੁਆਵਜ਼ਾ ਦੇਣ ਸਮੇਂ ਅਸਲ ਲਾਭਪਾਤਰੀਆਂ ਦੀ ਥਾਂ ‘ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।

ਇਸ ਸਬੰਧੀ ਧਾਰਾ 409, 419, 420, 465, 467, 468, 201, 120-ਬੀ ਅਤੇ ਧਾਰਾ 7, 13 ਤਹਿਤ ਥਾਣਾ ਨਵੀਂ ਬਾਰਾਂਦਰੀ, ਜਲੰਧਰ ਵਿਖੇ ਮੁਕੱਦਮਾ ਨੰਬਰ 244 ਮਿਤੀ 29-10-2013 ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਾਂਚ ਲਈ ਵਿਜੀਲੈਂਸ ਬਿਊਰੋ (Vigilance Bureau) ਨੂੰ ਸੌਂਪਿਆ ਗਿਆ ਸੀ ਅਤੇ ਵਿਜੀਲੈਂਸ ਵੱਲੋਂ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ 4,32,15,438 ਰੁਪਏ ਦੇ ਮੁਆਵਜ਼ੇ ਦੀ ਵੰਡ ‘ਚ ਹੋਏ ਗਬਨ ਦੇ ਸਬੰਧ ‘ਚ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਕਬਾਲ ਸਿੰਘ ਸੰਧੂ ਨੇ ਐਲ.ਏ.ਸੀ. ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਉਨ੍ਹਾਂ ਦੇ ਜਾਣਕਾਰ ਮਨਜੀਤ ਸ਼ਰਮਾ ਵਾਸੀ ਅਮਨ ਨਗਰ, ਜਲੰਧਰ ਦੀ ਮਿਲੀਭੁਗਤ ਨਾਲ ਮਾਲਕਾਂ ਨੂੰ ਮੁਆਵਜ਼ੇ ਦੀ ਵੰਡ ਸਬੰਧੀ ਜਾਅਲੀ ਦਸਤਾਵੇਜ਼ ਜੋੜ ਕੇ ਫਾਈਲਾਂ ਤਿਆਰ ਕੀਤੀਆਂ ਗਈਆਂ। ਇਸ ਤੋਂ ਬਾਅਦ ਇਨ੍ਹਾਂ ਫਾਈਲਾਂ ਦਾ 3-4 ਦਿਨਾਂ ‘ਚ ਨਿਪਟਾਰਾ ਕੀਤਾ ਗਿਆ ਅਤੇ ਜਾਅਲੀ ਵਿਅਕਤੀਆਂ ਦੇ ਨਾਂ ‘ਤੇ 5,49,18,523 ਰੁਪਏ ਦੇ ਚੈੱਕ ਜਾਰੀ ਕੀਤੇ, ਭਾਵੇਂ ਕਿ ਇਹ ਵਿਅਕਤੀ ਅਸਲ ਵਿੱਚ ਮੁਆਵਜ਼ਾ ਲੈਣ ਦੇ ਹੱਕਦਾਰ ਨਹੀਂ ਸਨ।

Exit mobile version