Site icon TheUnmute.com

ਨਗਰ ਨਿਗਮ ਮੋਹਾਲੀ ਵੱਲੋਂ ਬੁਨਿਆਦੀ ਸੇਵਾਵਾਂ ਅਤੇ ਹੋਰ ਮੁੱਦਿਆਂ ਨਾਲ ਸੰਬੰਧਿਤ 100 ਸ਼ਿਕਾਇਤਾਂ ਹੱਲ

Mohali

ਐਸ.ਏ.ਐਸ.ਨਗਰ, 12 ਜੁਲਾਈ, 2023:  ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਭਾਰੀ ਬਰਸਾਤ ਤੋਂ ਬਾਅਦ ਦੇ ਰਾਹਤ ਕਾਰਜਾਂ ਵਿੱਚ, ਨਗਰ ਨਿਗਮ, ਮੋਹਾਲੀ (Mohali) ਨੇ ਪਿਛਲੇ ਦੋ ਦਿਨਾਂ ਦੌਰਾਨ ਸ਼ਹਿਰ ਵਿੱਚ ਸੜਕਾਂ, ਸੀਵਰੇਜ ਅਤੇ ਡਿੱਗੇ ਦਰੱਖਤਾਂ ਨਾਲ ਸਬੰਧਤ 100 ਵੱਖ-ਵੱਖ ਮਾਮਲਿਆਂ ਨੂੰ ਹੱਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹੜ੍ਹਾਂ ਕਾਰਨ ਪੈਦਾ ਹੋਈ ਗੜਬੜੀ ਤੋਂ ਬਾਅਦ ਜ਼ਿੰਦਗੀ ਨੂੰ ਲੀਹ ‘ਤੇ ਲਿਆਉਣ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੀਆਂ ਟੀਮਾਂ ਨੂੰ ਜੰਗੀ ਪੱਧਰ ‘ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਕਮਲਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੜਕਾਂ ‘ਤੇ 45 ਟੋਇਆਂ ਦੀ ਮੁਰੰਮਤ ਕੀਤੀ, 33 ਡਿੱਗੇ ਦਰੱਖਤਾਂ ਨੂੰ ਹਟਾਇਆ ਅਤੇ ਸੜਕਾਂ ‘ਤੇ 22 ਹੋਰ ਛੋਟੀਆਂ-ਮੋਟੀਆਂ ਮੁਰੰਮਤਾਂ ਕੀਤੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਪਾਣੀ ਭਰਨ ਦੀ ਸਥਿਤੀ ਦੇ ਦੌਰਾਨ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ ਦੀ ਅਗਵਾਈ ਵਿੱਚ ਨਗਰ ਨਿਗਮ ਮੋਹਾਲੀ (Mohali) ਦੀਆਂ ਟੀਮਾਂ ਨੇ ਫੇਜ਼ 4, 5, 9, 11 ਅਤੇ ਸੈਕਟਰ 71 ਵਿੱਚੋਂ ਪਾਣੀ ਦੀ ਨਿਕਾਸੀ ਲਈ ਲਗਾਤਾਰ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਾਡੇ ਕੋਲ ਸੀਮਤ ਸਰੋਤ ਸਨ ਪਰ ਸਾਡੀਆਂ ਟੀਮਾਂ ਨੇ ਲਗਾਤਾਰ ਕੰਮ ਕੀਤਾ ਅਤੇ ਵਸਨੀਕਾਂ ਨੂੰ ਰਾਹਤ ਦਿੱਤੀ।

ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਪਾਣੀ ਭਰ ਜਾਣ ਕਾਰਨ ਜਿਸ ਤਰ੍ਹਾਂ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਅਤੇ ਸੜ੍ਹਕਾਂ ਨੂੰ ਨੁਕਸਾਨ ਪਹੁੰਚਿਆ, ਨੂੰ ਥੋੜ੍ਹੇ ਸਮੇਂ ਵਿੱਚ ਪਹਿਲੀ ਸਥਿਤੀ ਵਿੱਚ ਬਹਾਲ ਕਰਨਾ ਇੱਕ ਮੁਸ਼ਕਲ ਕੰਮ ਸੀ ਪਰ ਸਾਡੀਆਂ ਸਮਰਪਿਤ ਟੀਮਾਂ ਨੇ ਸ਼ਹਿਰ ਨਿਵਾਸੀਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਥੋੜ੍ਹੇ ਸਮੇਂ ਵਿੱਚ ਹੀ ਇਸ ਨੂੰ ਪੂਰਾ ਕਰ ਲਿਆ।

Exit mobile version