ਚੰਡੀਗੜ੍ਹ, 10 ਫਰਵਰੀ 2025: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਨੇ ਕਿ ਪੰਜਾਬ ਲੋਕ ਨਿਰਮਾਣ ਵਿਭਾਗ ਦੀ ਖੋਜ ਪ੍ਰਯੋਗਸ਼ਾਲਾ (Research lab) ਨੇ ਨਾ ਸਿਰਫ਼ ਵਿਸ਼ਵ ਪੱਧਰੀ ਉਸਾਰੀ ਗੁਣਵੱਤਾ ਨੂੰ ਯਕੀਨੀ ਬਣਾ ਕੇ ਪੰਜਾਬ ‘ਚ ਉੱਚ ਨਿਰਮਾਣ ਮਿਆਰਾਂ ਨੂੰ ਬਣਾਈ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਸਗੋਂ ਵਿੱਤੀ ਸਾਲ 2024-25 ਦੌਰਾਨ ਉਸਾਰੀ ਕਾਰਜਾਂ ‘ਚ ਵਰਤੀ ਜਾਂਦੀ ਸਮੱਗਰੀ ਦੀ ਜਾਂਚ ਤੋਂ ਲਗਭਗ 1.5 ਕਰੋੜ ਰੁਪਏ ਦੀ ਫੀਸ ਵੀ ਕਮਾਈ ਹੈ।
ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਹ ਲੈਬ ਪੰਜਾਬ ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਅਧੀਨ ਇਕਲੌਤੀ ਅਜਿਹੀ ਸਹੂਲਤ ਹੈ, ਜੋ ਵਿਭਾਗ ਤੋਂ ਇਲਾਵਾ ਸਥਾਨਕ ਸੰਸਥਾਵਾਂ, ਜਲ ਸਰੋਤ ਵਿਭਾਗ, ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ), ਪੰਚਾਇਤੀ ਰਾਜ, ਪੰਜਾਬ ਮੰਡੀ ਬੋਰਡ ਅਤੇ ਰਾਜ ਵਿਜੀਲੈਂਸ ਨੂੰ ਵੀ ਸੇਵਾਵਾਂ ਪ੍ਰਦਾਨ ਕਰਦੀ ਹੈ।
ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਸ ਲੈਬ ਨੂੰ ਸਾਲ 2022 ‘ਚ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (NABL) ਤੋਂ ਮਾਨਤਾ ਮਿਲੀ ਸੀ, ਜਿਸਦੀ ਮਿਆਦ ਦਸੰਬਰ 2028 ਤੱਕ ਹੈ। ਉਨ੍ਹਾਂ ਕਿਹਾ ਕਿ ਇਹ ਲੈਬੋਰੇਟਰੀ 59 ਟੈਸਟਾਂ ਲਈ ਐਨ.ਏ.ਬੀ.ਐਲ ਪ੍ਰਮਾਣਿਤ ਹੈ।
ਇਸਦੇ ਨਾਲ ਹੀ ਕੈਬਿਨਟ ਮੰਤਰੀ (Harbhajan Singh ETO) ਨੇ ਦੱਸਿਆ ਕਿ ਇਹ ਰਿਸਰਚ ਲੈਬ (Research lab) ਉੱਨਤ ਗੈਰ-ਵਿਨਾਸ਼ਕਾਰੀ ਟੈਸਟਿੰਗ ਉਪਕਰਣਾਂ ਜਿਵੇਂ ਕਿ ਫਾਲਿੰਗ ਵੇਟ ਡਿਫਲੈਕਟੋਮੀਟਰ (FWD), ਅਲਟਰਾਸੋਨਿਕ ਪਲਸ ਵੇਲੋਸਿਟੀ (UPV), ਨਿਊਕਲੀਅਰ ਟੈਸਟ ਗੇਜ ਅਤੇ ਟ੍ਰੈਫਿਕ ਸਾਈਨ ਚੈਕਿੰਗ ਟੂਲ ਆਦਿ ਨਾਲ ਲੈਸ ਹੈ।
ਲੋਕ ਨਿਰਮਾਣ ਮੰਤਰੀ ਨੇ ਲੈਬ ਦੀਆਂ ਸਮਰੱਥਾਵਾਂ ਬਾਰੇ ਦੱਸਿਆ ਕਿ ਇਹ ਨੀਂਹ ਲਈ ਮਿੱਟੀ ਦੀ ਜਾਂਚ ਕਰਨ ਅਤੇ ਇੱਟਾਂ, ਬੱਜਰੀ, ਰੇਤ, ਸੀਮਿੰਟ, ਕੰਕਰੀਟ, ਲੁੱਕ ਅਤੇ ਸਰੀਏ ਸਮੇਤ ਵੱਖ-ਵੱਖ ਨਿਰਮਾਣ ਸਮੱਗਰੀ ਦਾ ਮੁਲਾਂਕਣ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਲੈਬ ਕੋਲ ਡੈਂਸ ਬਿਟੂਮਿਨਸ ਮੈਕਾਡਮ (ਡੀਬੀਐਮ) ਅਤੇ ਐਸਫਾਲਟ ਕੰਕਰੀਟ (ਏਸੀ) ਮਿਸ਼ਰਣਾਂ ਨੂੰ ਡਿਜ਼ਾਈਨ ਕਰਨ ‘ਚ ਵੀ ਮੁਹਾਰਤ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ‘ਚ ਹੋਰ ਸੁਧਾਰ ਲਿਆਉਣ ਲਈ ਵਿਭਾਗ ਨੂੰ ਵੱਧ ਤੋਂ ਵੱਧ ਨਿਰੀਖਣ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।
Read More: PSPCL ਨੇ 16078 ਮੈਗਾਵਾਟ ਦੀ ਸਭ ਤੋਂ ਵੱਡੀ ਬਿਜਲੀ ਦੀ ਮੰਗ ਨੂੰ ਕੀਤਾ ਪੂਰਾ: ਹਰਭਜਨ ਸਿੰਘ ਈ.ਟੀ.ਓ.