ਪੰਜਾਬ ਸਰਕਾਰ

ਪੰਜਾਬ ਸਰਕਾਰ ਨੂੰ ਸਕੂਲਾਂ ਤੇ ਹਸਪਤਾਲਾਂ ‘ਚ ਮਾਰੇ ਜਾ ਰਹੇ ਛਾਪਿਆਂ ਨੂੰ ਰੋਕਣ ਦੀ ਕੀਤੀ ਬੇਨਤੀ

ਸੇਵਾ ਵਿਖੇ
ਮੁੱਖ ਮੰਤਰੀ ਸਾਹਿਬ,
ਪੰਜਾਬ।
ਵਿਸ਼ਾ : ਸਕੂਲਾਂ ਅਤੇ ਹਸਪਤਾਲਾਂ ਵਿਚ ਮਾਰੇ ਜਾ ਰਹੇ ਛਾਪਿਆਂ ਨੂੰ ਰੋਕਣ ਲਈ ਬੇਨਤੀ।
ਸ੍ਰੀਮਾਨ ਜੀ,
ਸੱਭ ਤੋਂ ਪਹਿਲਾਂ ਤੁਹਾਨੂੰ ਮੁੱਖ ਮੰਤਰੀ ਬਣਨ ਅਤੇ ਤੁਹਾਡੀ ਪਾਰਟੀ ਨੂੰ ਵੱਡੀ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਾਲੇ ਮੁਕੰਮਲ ਰੂਪ ਵਿਚ ਸਰਕਾਰ ਦਾ ਗਠਨ ਵੀ ਨਹੀਂ ਹੋਇਆ, ਤੁਸੀਂ ਸਹੁੰ ਵੀ ਨਹੀਂ ਚੁੱਕੀ ਅਤੇ ਮੰਤਰੀ ਮੰਡਲ ਦਾ ਨਿਰਮਾਣ ਵੀ ਨਹੀਂ ਹੋਇਆ ਪਰ ਤੁਹਾਡੀ ਪਾਰਟੀ ਦੇ ਵਿਧਾਇਕਾਂ ਨੇ ਬਿਨਾਂ ਕਿਸੇ ਨਿਸ਼ਾਨੇ ਤੋਂ ਹੀ ਭੀੜਾਂ ਲੈ ਕੇ ਸਕੂਲਾਂ ਅਤੇ ਹਸਪਤਾਲਾਂ ਵਿਚ ਛਾਪੇ ਮਾਰਨੇ ਸ਼ੁਰੂ ਕਰ ਦਿਤੇ ਹਨ। ਅਧਿਆਪਕਾਂ ਅਤੇ ਡਾਕਟਰਾਂ ਨੂੰ ਲਾਈਨ ਹਾਜ਼ਰ ਕਰ ਕੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ-ਜਵਾਬ ਪੁੱਛੇ ਜਾ ਰਹੇ ਹਨ, ਉਨ੍ਹਾਂ ਦੀਆਂ ਤਨਖ਼ਾਹਾਂ ਪੁੱਛੀਆਂ ਜਾ ਰਹੀਆਂ ਹਨ, ਹਾਜ਼ਰੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਸ਼ਰੇਆਮ ਪਰੇਡ/ਨਿਸ਼ਾਨਦੇਹੀ ਕਰਾਈ ਜਾ ਰਹੀ ਹੈ। ਤੁਹਾਡੇ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੇ ਤਾਂ ਹੱਦ ਹੀ ਕਰ ਦਿਤੀ, ਉਨ੍ਹਾਂ ਦਾ ਬਿਆਨ ਹੈ ਕਿ ਸਨਿਚਰਵਾਰ ਯਾਨੀ 12 ਮਾਰਚ ਨੂੰ ਸਕੂਲਾਂ ਵਿਚ ਛੁੱਟੀ ਸੀ, ਇਸ ਕਰਕੇ ਸਕੂਲ ਛਾਪਿਆਂ ਤੋਂ ਬਚ ਗਏ, ਇਹ ਬਹੁਤ ਹੀ ਸ਼ਰਮਨਾਕ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਸਕੂਲ ਜਾਂ ਹਸਪਤਾਲ ਜ਼ਰੂਰ ਚੈੱਕ ਕੀਤੇ ਜਾਣ ਪਰ ਇਨ੍ਹਾਂ ਉਪਰ ਛਾਪੇ ਨਾ ਮਾਰੇ ਜਾਣ। ਮੂਲ ਰੂਪ ਵਿਚ ਮੈਂ ਤੁਹਾਡਾ ਧਿਆਨ ਅੱਗੇ ਦਿਤੀਆਂ ਕੁੱਝ ਗੱਲਾਂ ਉਪਰ ਦਿਵਾਉਣਾ ਚਾਹੁੰਦੀ ਹਾਂ :

1. ਤੁਹਾਨੂੰ ਪਤਾ ਹੀ ਹੈ ਕਿ ਜੇ ਹਸਪਤਾਲਾਂ ਜਾਂ ਸਕੂਲਾਂ ਦੀ ਬੁਰੀ ਹਾਲਤ ਹੈ ਤਾਂ ਇਸ ਵਿਚ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ, ਇਸ ਲਈ ਪੁਰਾਣੀਆਂ ਸਰਕਾਰਾਂ ਕਸੂਰਵਾਰ ਹਨ। ਮੁਲਾਜ਼ਮ ਵਰਗ ਖ਼ੁਦ ਬਦਲ ਦੀ ਤਲਾਸ਼ ਵਿਚ ਸੀ। ਬੈਲਟ ਪੇਪਰਾਂ ਦੀ ਵਰਤੋਂ ਮੁਲਾਜ਼ਮ ਹੀ ਕਰਦੇ ਹਨ। ਬੈਲਟ ਪੇਪਰਾਂ ਰਾਹੀਂ ਸਭ ਤੋਂ ਜਿ਼ਆਦਾ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ।

2. ਸਿਹਤ ਅਤੇ ਸਿਖਿਆ ਵਿਭਾਗਾਂ ਦੇ ਹੀ ਸਭ ਤੋਂ ਜਿ਼ਆਦਾ ਅਜਿਹੇ ਮੁਲਾਜ਼ਮ ਹਨ ਜਿਹੜੇ ਠੇਕਾ ਪ੍ਰਣਾਲੀ ਜਾਂ ਮੂਲ ਤਨਖ਼ਾਹ ਦੇ ਨਿਜ਼ਾਮ ਅਧੀਨ ਕੰਮ ਕਰਦੇ ਹਨ। ਇਨ੍ਹਾਂ ਮੁਲਾਜ਼ਮਾਂ ਨੇ ਪਿਛਲੇ ਪੰਜ ਸਾਲ ਦੌਰਾਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀਆਂ ਰਿਹਾਇਸ਼ਾਂ ਘੇਰ ਕੇ ਰੱਖੀਆਂ ਸਨ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਲਹਿਰ ਬਣ ਸਕੀ।

3. ਅਜਿਹੇ ਵਰਤਾਰੇ ਤੋਂ ਇੰਝ ਸੰਦੇਸ਼ ਜਾ ਰਿਹਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਿਆਸੀ ਲੜਾਈ ਕਾਂਗਰਸ ਜਾਂ ਅਕਾਲੀ ਦਲ ਦੀਆਂ ਨੀਤੀਆਂ ਨਾਲ ਨਹੀਂ ਸੀ ਬਲਕਿ ਸਿਰਫ਼ ਮੁਲਾਜ਼ਮਾਂ ਨਾਲ ਸੀ ਅਤੇ ਹੁਣ ਇਨ੍ਹਾਂ ਨੂੰ ਠੀਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

4. ਮੁਲਾਜ਼ਮ ਖ਼ੁਦ ਭ੍ਰਿਸ਼ਟ ਸਰਕਾਰਾਂ ਤੋਂ ਤੰਗ ਸਨ, ਇਸੇ ਲਈ ਤੁਹਾਨੂੰ ਗੱਦੀ ਉਪਰ ਬਿਠਾਇਆ ਹੈ। ਇਨ੍ਹਾਂ ਨੂੰ ਰਾਹਤ ਦੇਣ ਤੋਂ ਪਹਿਲਾਂ ਹੀ, ਵਿਧਾਇਕਾਂ ਵਲੋਂ ਨਾਜਾਇਜ਼ ਤੰਗ ਕਰਨਾ ਕਦਾਚਿਤ ਵੀ ਤਰਕਸੰਗਤ ਨਹੀਂ। ਇਸ ਨਾਲ ਫ਼ਜ਼ੂਲ ਦੀ ਦਹਿਸ਼ਤ ਫੈਲ ਰਹੀ ਹੈ। ਨਾਲੇ ਸਕੂਲਾਂ ਨੂੰ ਚੈੱਕ ਕਰਨ ਲਈ ਜਿ਼ਲ੍ਹਾ ਸਿਖਿਆ ਅਫ਼ਸਰ ਅਤੇ ਹਸਪਤਾਲਾਂ ਨੂੰ ਚੈੱਕ ਕਰਨ ਲਈ ਚੀਫ਼ ਮੈਡੀਕਲ ਅਫ਼ਸਰ ਹਰ ਜਿ਼ਲ੍ਹੇ ਵਿਚ ਮੌਜੂਦ ਹਨ। ਇਹ ਕੰਮ ਉਨ੍ਹਾਂ ਤੋਂ ਹੀ ਲਿਆ ਜਾਣਾ ਚਾਹੀਦਾ ਹੈ।

5. ਪਹਿਲਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤੀ ਜਾਣਾ ਚਾਹੀਦਾ ਹੈ, ਫਿਰ ਵਿਧਾਇਕਾਂ ਨੂੰ ਛਾਪੇ ਮਾਰਨ ਦਾ ਆਦੇਸ਼ ਦਿਤਾ ਜਾਣਾ ਚਾਹੀਦਾ ਹੈ। ਮੂਲ ਤਨਖ਼ਾਹ ਪ੍ਰਣਾਲੀ ਬੰਦ ਕੀਤੀ ਜਾਵੇ, ਪਰਖ ਸਮਾਂ ਇਕ ਸਾਲ ਕੀਤਾ ਜਾਵੇ, ਪੈਪੈਰਿਟੀ ਦੀ ਸਮੱਸਿਆ ਹੱਲ ਕੀਤੀ ਜਾਵੇ, ਪੁਰਾਣੀ ਪੈਨਸ਼ਨ ਯੋਜਨ ਬਹਾਲ ਕੀਤੀ ਜਾਵੇ ਅਤੇ ਅਪਣੇ ਘਰਾਂ ਤੋਂ 200 ਕਿਲੋਮੀਟਰ ਦੀ ਦੂਰੀ ਉਪਰ ਕੰਮ ਕਰਦੇ ਮੁਲਾਜ਼ਮਾਂ ਨੂੰ ਘਰਾਂ ਦੇ ਨੇੜੇ ਜਾਂ ਘੱਟ ਤੋੱ ਘੱਟ ਜਿ਼ਲ੍ਹੇ ਵਿਚ ਤਾਇਨਾਤ ਕੀਤਾ ਜਾਵੇ

6. ਤੁਹਾਡੇ ਤੋਂ ਮੁਲਾਜ਼ਮਾਂ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਬਹੁਤ ਉਮੀਦਾਂ ਹਨ, ਇਸ ਲਈ ਬਿਨਾਂ ਕਿਸੇ ਮਾਸਟਰ ਪਲਾਨ ਤੋਂ ਸਕੂਲਾਂ ਤੇ ਹਸਪਤਾਲਾਂ ਉਪਰ ਮਾਰੇ ਜਾ ਰਹੇ ਵਿਧਾਇਕੀ ਛਾਪੇ ਤੁਹਾਡਾ, ਸਰਕਾਰ ਅਤੇ ਪੰਜਾਬ ਦਾ ਅਕਸ ਖ਼ਰਾਬ ਕਰਨ ਤੋਂ ਇਲਾਵਾ ਹੋਰ ਕੁੱਝ ਪੱਲੇ ਨਹੀਂ ਪਾਉਣਗੇ।

7. ਆਪ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਇਨ੍ਹਾਂ ਮਹਿਕਮਿਆਂ ਨੂੰ ਇਕ ਰੋਡ ਮੈਪ ਦਿਉ, ਫਿਰ ਉਸ ਨੂੰ ਪੂਰਾ ਕਰਨ ਦਾ ਸਮਾਂ ਦਿਉ, ਜੇ ਕੋਈ ਮੁਲਾਜ਼ਮ ਸਰਕਾਰੀ ਆਦੇਸ਼ਾਂ ਦੀ ਅਣਦੇਖੀ ਕਰਦਾ ਹੈ, ਫਿਰ ਉਸ ਦੀ ਜਵਾਬ-ਤਲਬੀ ਕਰੋ। ਨਾ ਕੋਈ ਬਜਟ, ਨਾ ਕੋਈ ਪੈਸਾ, ਨਾ ਕੋਈ ਇਮਦਾਦ, ਬਿਨਾਂ ਕੁੱਝ ਦਿਤੇ ਕਿਸੇ ਕਰਮਚਾਰੀ ਤੋਂ ਹਿਸਾਬ-ਕਿਤਾਬ ਕਿਵੇਂ ਮੰਗਿਆ ਜਾ ਸਕਦਾ ਹੈ?

ਮੈਨੂੰ ਪੂਰੀ ਆਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਵੀ ਵਾਅਦੇ ਮੁਤਾਬਕ ਪੂਰੀ ਇੱਜ਼ਤ ਦਿਤੀ ਜਾਵੇਗੀ, ਉਨ੍ਹਾਂ ਨੂੰ ਅਪਣੇ ਹੱਕਾਂ ਦੀ ਰਾਖੀ ਲਈ ਕੋਈ ਨਵਾਂ ਮੁਹਾਜ਼ ਨਹੀਂ ਖੋਲ੍ਹਣਾ ਪਵੇਗਾ। ਚੰਗੇ ਹੁੰਗਾਰੇ ਦੀ ਆਸ ਕਰਦੀ ਹਾਂ।
ਧੰਨਵਾਦ
ਆਪ ਜੀ ਦੀ ਸ਼ੁੱਭਚਿੰਤਕ,
ਜ਼ਾਹਿਦਾ ਸੁਲੇਮਾਨ,
ਪੰਜਾਬ ਪ੍ਰਧਾਨ, ਨੈਸ਼ਨਲ ਦਲਿਤ ਕੌਂਸਲ ਆਫ਼ ਇੰਡੀਆ।

Scroll to Top