Kanungos

ਜ਼ਿਲ੍ਹੇ ’ਚ ਪਟਵਾਰੀ ਠੇਕੇ ਦੇ ਭਰਤੀ ਕਰਨ ਲਈ ਸੇਵਾ ਮੁਕਤ ਕਾਨੂੰਗੋਆਂ ਤੇ ਪਟਵਾਰੀਆਂ ਕੋਲੋਂ ਅਰਜ਼ੀਆਂ ਦੀ ਮੰਗ

ਨਵਾਂਸ਼ਹਿਰ 22 ਅਕਤੂਬਰ 2022: ਸੂਬਾ ਸਰਕਾਰ ਵੱਲੋਂ ਜਾਰੀ ਸੋਧੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਠੇਕੇ ਦੇ ਆਧਾਰ ’ਤੇ ਮਾਲ ਪਟਵਾਰੀਆਂ ਦੀਆਂ 125 ਖਾਲੀ ਅਸਾਮੀਆਂ ਨੂੰ ਭਰਨ ਲਈ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਸਮੁੱਚੀ ਭਰਤੀ ਫ਼ਿਲਹਾਲ ਇੱਕ ਸਾਲ ਲਈ ਹੋਵੇਗੀ, ਜਿਸ ਲਈ ਯੋਗ ਬਿਨੈਕਾਰ 4 ਨਵੰਬਰ, 2022 ਤੱਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਸਰਕਾਰੀ ਦੀਆਂ ਸੋਧੀਆਂ ਹਦਾਇਤਾਂ ਮੁਤਾਬਕ 25,000 ਰੁਪਏ ਦੀ ਥਾਂ 35,000 ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਸਾਮੀ ਲਈ ਅਰਜ਼ੀ ਦੇਣ ਵਾਲੇ ਦੀ ਵੱਧ ਤੋਂ ਵੱਧ ਉਮਰ ਹੱਦ ਜੋ ਕਿ ਪਹਿਲਾਂ 64 ਸਾਲ ਸੀ, ਵੀ ਪੰਜਾਬ ਸਰਕਾਰ ਵੱਲੋਂ ਵਧਾ ਕੇ 67 ਸਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਪੈਂਡਿੰਗ ਨਹੀਂ ਹੋਣੀ ਚਾਹੀਦੀ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹ ਨਿਯੁਕਤੀਆਂ ਸਿਰਫ਼ ਪੇਂਡੂ ਖੇਤਰਾਂ ਲਈ ਕੀਤੀਆਂ ਜਾਣਗੀਆਂ ਅਤੇ ਚੁਣੇ ਗਏ ਪਟਵਾਰੀ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਉਹ ਆਪਣੇ ਸਬੰਧਤ ਏ.ਐਸ.ਐਮ/ਡੀ.ਐਸ.ਐਮ. ਰਾਹੀਂ ਹੀ ਕੰਮ ਕਰਨਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਯੋਗ ਸੇਵਾਮੁਕਤ ਪਟਵਾਰੀ/ਕਾਨੂੰਨਗੋ 4 ਨਵੰਬਰ, 2022 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 206, ਸਦਰ ਕਾਨੂੰਨਗੋ ਸ਼ਾਖਾ ਵਿਖੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਬਿਨੈਕਾਰ ਨੂੰ ਅਰਜ਼ੀ ਦੇ ਨਾਲ ਆਪਣੇ ਸੇਵਾਮੁਕਤੀ ਦੇ ਹੁਕਮਾਂ ਦੀ ਕਾਪੀ ਨਾਲ ਨੱਥੀ ਕਰਨੀ ਹੋਵੇਗੀ। ਨਾਲ ਹੀ ਸਵੈ ਘੋਸ਼ਣਾ ਵੀ ਦੇਣੀ ਹੋਵੇਗੀ, ਜਿਸ ਵਿੱਚ ਲਿਖਿਆ ਹੋਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਨਾ ਹੀ ਉਸ ਖਿਲਾਫ਼ ਕੋਈ ਕੋਰਟ ਕੇਸ/ਜਾਂਚ/ਐਫ.ਆਈ.ਆਰ. ਪੈਂਡਿੰਗ ਹੈ।

 

Scroll to Top