ਚੰਡੀਗੜ੍ਹ 26 ਨਵੰਬਰ 2022: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਪੰਜਾਬ ਪੁਲਿਸ (Punjab Police) ਵੱਲੋਂ ਕਈ ਵੱਖ-ਵੱਖ ਸ਼ਹਿਰਾਂ ‘ਚ ਮਾਮਲੇ ਦਰਜ ਕੀਤੇ ਜਾ ਰਹੇ ਹਨ, ਪਰ ਹੁਣ ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਪਾਈ ਗਈ ਇਤਰਾਜ਼ਯੋਗ ਸਮੱਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਦੀ ਅਪੀਲ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਲਿਖਿਆ, ਸਾਰਿਆਂ ਨੂੰ ਅਪੀਲ ਹੈ ਕਿ ਉਹ ਅਗਲੇ 72 ਘੰਟਿਆਂ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾ ਦੇਣ। ਮੁੱਖ ਮੰਤਰੀ ਭਗਵੰਤ ਮਾਨ ਨੇ ਨਿਰਦੇਸ਼ ਦਿੱਤੇ ਹਨ ਕਿ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ, ਤਾਂ ਜੋ ਲੋਕ ਆਪਣੇ ਤੌਰ ‘ਤੇ ਸਮੱਗਰੀ ਨੂੰ ਹਟਾ ਸਕਣ।