ਚੰਡੀਗੜ੍ਹ 9 ਦਸੰਬਰ 2021 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi) ‘ਤੇ ਹਮਲਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਦੇਰ ਹੈ ਪਰ ਚੰਗੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਸਮਝ ਆ ਗਈ ਹੈ। ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਣਨ ਦਾ ਅਧਿਕਾਰ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi)) ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਪੱਸ਼ਟ ਕਰਨ ਕਿ ਅੱਤਵਾਦੀ ਸੰਗਠਨ ਨਾਲ ਜੁੜੇ ਅਵਤਾਰ ਸਿੰਘ ਪੰਨੂ ਦੇ ਕਰੀਬੀ ਰਿਸ਼ਤੇਦਾਰ ਨੂੰ ਕਿਸ ਦੀ ਸਿਫਾਰਿਸ਼ ‘ਤੇ ਪੰਜਾਬ ਜੈਨਕੋ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ?
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Majithia)ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਕਾਲੀ ਦਲ ਦੇ ਦਬਾਅ ‘ਚ ਢਿੱਲ ਮੱਠ ਕਰਦਿਆਂ ਪੰਨੂੰ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਕੋਟਲਾਬਾਮਾ ਨੂੰ ਪੰਜਾਬ ਜੈਨਕੋ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਪਰ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਸੇ ਦੇਸ਼ ਵਿਰੋਧੀ ਦੇ ਪਰਿਵਾਰ ਨੂੰ ਇਸ ਅਹੁਦੇ ਨਾਲ ਨਿਵਾਜਣ ਲਈ ਉਸ ‘ਤੇ ਕੀ ਦਬਾਅ ਸੀ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਤਾ ਹੋਵੇਗਾ ਕਿ ਸਿੱਖ ਫਾਰ ਜਸਟਿਸ ਨਾਂ ਦੀ ਜਥੇਬੰਦੀ ਨੂੰ ਭਾਰਤ ਸਰਕਾਰ ਵੱਲੋਂ ਅਤਿਵਾਦੀ ਜਥੇਬੰਦੀ ਐਲਾਨਿਆ ਗਿਆ ਸੀ ਅਤੇ ਉਕਤ ਜਥੇਬੰਦੀ ਦੇ ਸਰਗਰਮ ਤੇ ਪ੍ਰਮੁੱਖ ਮੈਂਬਰ ਵੀ ਭਾਰਤ ਸਰਕਾਰ ਦੇ ਰਾਡਾਰ ’ਤੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਜਿਹੇ ਦੇਸ਼ ਵਿਰੋਧੀਆਂ ਦੇ ਪਰਿਵਾਰਾਂ ਨੂੰ ਇਨਾਮ ਦੇਣ ਲਈ ਆਪਣੇ ਕੈਬਨਿਟ ਸਾਥੀਆਂ ਦੇ ਦਬਾਅ ਹੇਠ ਹਨ। ਅਕਾਲੀ ਆਗੂ ਮਜੀਠੀਆ ਨੇ ਸਾਰੀ ਨਿਯੁਕਤੀ ਦੀ ਜਾਂਚ ਦੇ ਨਾਲ-ਨਾਲ ਬਲਵਿੰਦਰ ਸਿੰਘ ਕੋਟਲਾਬਾਮਾ ਦੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਕੀਤੀ ਹੈ।
ਰਵਨੀਤ ਬਿੱਟੂ ਨੇ ਕਿਹਾ- ਕਾਂਗਰਸੀਆਂ ‘ਚ ਫੈਲਿਆ ਗੁੱਸਾ, ਫੈਸਲਾ ਬਦਲਿਆ
ਦੂਜੇ ਪਾਸੇ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਮਾਮਲੇ ਵਿੱਚ ਚੰਨੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਰਵਨੀਤ ਸਿੰਘ ਬਿੱਟੂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਐੱਸ.ਐੱਫ.ਜੇ. ਨਾਲ ਜੁੜੇ ਇਕ ਵਿਅਕਤੀ ਦੇ ਪਰਿਵਾਰਕ ਮੈਂਬਰ ਨੂੰ ਲੈ ਕੇ ਕਾਂਗਰਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬ ਜੈਨਕੋ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਸਵਾਗਤਯੋਗ ਹੈ।