ਚੰਡੀਗੜ੍ਹ 29 ਨਵੰਬਰ 2022: ਭਾਰਤੀ ਰਿਜ਼ਰਵ ਬੈਂਕ (RBI) ਨੇ ਰਿਟੇਲ ਪੱਧਰ ‘ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਰਬੀਆਈ ਨੇ ਮੰਗਲਵਾਰ ਨੂੰ ਕਿਹਾ ਕਿ 1 ਦਸੰਬਰ ਤੋਂ ਰਿਟੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਲਈ ਇੱਕ ਪਾਇਲਟ ਪ੍ਰੋਜੈਕਟ ਲਿਆਏਗਾ। ਆਰਬੀਆਈ ਨੇ ਕਿਹਾ ਕਿ ਡਿਜੀਟਲ ਰੁਪਿਆ (Digital Rupee) ਇੱਕ ਡਿਜੀਟਲ ਟੋਕਨ ਦੇ ਰੂਪ ਵਿੱਚ ਹੋਵੇਗਾ, ਜੋ ਕਾਨੂੰਨੀ ਟੈਂਡਰ ਰਹੇਗਾ। ਆਰਬੀਆਈ ਨੇ ਕਿਹਾ ਹੈ ਕਿ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ (e₹-R) ਲਈ ਪਹਿਲੀ ਖੇਪ ਲਾਂਚ ਕਰੇਗਾ।
ਆਰਬੀਆਈ ਨੇ ਇਹ ਵੀ ਦੱਸਿਆ ਕਿ ਡਿਜੀਟਲ ਰੁਪਿਆ ਉਸੇ ਮੁੱਲ ਵਿੱਚ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਮੌਜੂਦਾ ਸਮੇਂ ਵਿੱਚ ਕਾਗਜ਼ੀ ਮੁਦਰਾ ਅਤੇ ਸਿੱਕੇ ਜਾਰੀ ਕੀਤੇ ਜਾਂਦੇ ਹਨ। ਆਰਬੀਆਈ ਨੇ ਕਿਹਾ ਕਿ 1 ਦਸੰਬਰ ਨੂੰ ਇਹ ਟੈਸਟ ਬੰਦ ਉਪਭੋਗਤਾ ਸਮੂਹ (ਸੀਯੂਜੀ) ਵਿੱਚ ਚੁਣੀਆਂ ਗਈਆਂ ਥਾਵਾਂ ‘ਤੇ ਕੀਤਾ ਜਾਵੇਗਾ। ਇਸ ਵਿੱਚ ਗਾਹਕ ਅਤੇ ਬੈਂਕ ਵਪਾਰੀ ਦੋਵੇਂ ਸ਼ਾਮਲ ਹੋਣਗੇ।